ਜਲੰਧਰ ਜ਼ਿਮਨੀ ਚੋਣ ਵਿੱਚ ‘ਆਪ ਦੀ ਜਿੱਤ 2024 ਦੀਆਂ ਲੋਕ-ਸਭਾ ਚੋਣਾਂ ਵਿੱਚ ਇਨਕਲਾਬ ਦਾ ਮੁੱਢ ਬੰਨ੍ਹੇਗੀ: ਹਰਚੰਦ ਬਰਸਟ
- ‘ਅਗਲੇ ਪੜਾਅ ਵਿੱਚ ਦਾਖ਼ਿਲ ਹੋਈ ਜਲੰਧਰ ਵਿੱਚ ‘ਆਪ ਦੀ ਚੋਣ-ਪ੍ਰਚਾਰ ਮੁੰਹਿਮ
- ”ਮਾਨ ਸਰਕਾਰ ਦਾ ਇੱਕੋ-ਇੱਕ ਟੀਚਾ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣਾ ਹੈ: ਬਰਸਟ”
- ”ਸਮਾਂ ਬਦਲ ਚੁੱਕਿਆ ਹੈ। ਹੁਣ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਖ਼ਾਤਿਰ ਵਿਦੇਸ਼ਾਂ ਵਿੱਚ ਰੁਲਣ ਦੀ ਲੋੜ ਨਹੀਂ ਹੈ: ਬਰਸਟ”
- “ਆਮ ਆਦਮੀ ਪਾਰਟੀ ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਨਿਭਾ ਰਹੀ ਹੈ: ਬਰਸਟ”
ਜਲੰਧਰ, 5 ਅਪ੍ਰੈਲ 2023 - ਜਲੰਧਰ ਲੋਕ ਸਭਾ ਜ਼ਿਮਨੀ ਦੇ ਮੱਦੇਨਜ਼ਰ ਕਰਤਾਰਪੁਰ ਦੇ ਬਲਾਕ ਲਾਂਬੜਾ ਵਿਖੇ ਪਾਰਟੀ ਦਫਤਰ ਦਾ ਉਦਘਾਟਨ ਕਰਨ ਪਹੁੰਚੇ ‘ਆਪ ਦੀ ਪੰਜਾਬ ਇਕਾਈ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਅਗਲੇਰੇ ਪੜਾਅ ਵਿੱਚ ਲੈ ਕੇ ਜਾਣ ਦਾ ਐਲਾਨ ਕੀਤਾ। ਕਿਹਾ ਕਿ ਇਹ ਜਿੱਤ 2024 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਜਿੱਤ ਦਾ ਮੁੱਢ ਬੰਨ੍ਹੇਗੀ।
ਇਸਦੇ ਨਾਲ ਹੀ ਉਨ੍ਹਾਂ ਹਲਕਾ ਕਰਤਾਰਪੁਰ ਤੋਂ ‘ਆਪ ਵਿਧਾਇਕ ਸ. ਬਲਕਾਰ ਸਿੰਘ ਦੀ ਹਾਜ਼ਰੀ ਵਿੱਚ ਉਨ੍ਹਾਂ ਵੱਲੋਂ ਪਾਰਟੀ ਦੀ ਜਿੱਤ ਲਈ ਵਿੱਢੀ ਮੁੰਹਿਮ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ ਮੌਕੇ ‘ਤੇ ਹਾਜ਼ਿਰ ਪਾਰਟੀ ਦੇ ਸਤਿਕਾਰਤ ਆਗੂ ਗੁਰਵਿੰਦਰ ਸਿੰਘ ਚੇਅਰਮੈਨ ਯੋਜਨਾ ਬੋਰਡ ਤਰਨਤਾਰਨ, ਬਲਾਕ ਪ੍ਰਧਾਨ ਜੁਝਾਰ ਸਿੰਘ , ਸੁਖਜਿੰਦਰ ਸਿੰਘ ਸੰਧੂ, ਯਾਦਵਿੰਦਰ ਸਿੰਘ, ਡਾ. ਮੋਹਿੰਦਰਜੀਤ ਸਿੰਘ ਮਾਰਵਾ ਸਮੇਤ ਸੈਂਕੜੇ ਪਾਰਟੀ ਵਰਕਰਾਂ ਨੂੰ ਘਰ-ਘਰ ਜਾਕੇ ਲੋਕਾਂ ਤੱਕ ਮਾਨ ਸਰਕਾਰ ਦੇ ਪੰਜਾਬ ਅਤੇ ਇਲਾਕੇ ਦੀ ਤਰੱਕੀ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਨੀਤੀਆਂ ਤੋਂ ਜਾਣੂੰ ਕਰਵਾਉਣ ਲਈ ਵੀ ਕਿਹਾ।
ਬਰਸਟ ਨੇ ਕਿਹਾ ਕਿ ‘ਆਪ ਨੇ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਨਿਭਾਇਆ ਹੈ। ਪੰਜਾਬ ਦੇ ਤੀਹ ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਮਾਨ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਵਿੱਚ ਰੁਜ਼ਗਾਰ ਮਿਲ ਚੁੱਕਿਆ ਹੈ। 300 ਯੂਨਿਟ ਮੁਫ਼ਤ ਨਾਲ ਪੰਜਾਬੀਆਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਭ੍ਰਿਸ਼ਟਾਚਾਰ ਨੂੰ ਨੱਥ ਪਈ ਹੈ।
ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਤਬਾਹ ਕੀਤੇ ਪੰਜਾਬ ਦੀਆਂ ਮੁਸ਼ਕਿਲਾਂ ਬਹੁਤ ਹਨ। ਜਿੱਥੇ ਰੁਜ਼ਗਾਰ ਇੱਕ ਵੱਡਾ ਮੁੱਦਾ ਹੈ, ਉਥੇ ਸੂਬੇ ਦਾ ਸਿਹਤ ਢਾਂਚਾ, ਵਿੱਦਿਅਕ ਸਿਸਟਮ, ਪ੍ਰਸ਼ਾਸਨਿਕ ਅਦਾਰਿਆਂ ਦੇ ਕੰਮ ਵਿੱਚ ਪਾਰਦਰਸ਼ਤਾ ਆਦਿ ਵੀ ਵਿਕਾਸ ਦੇ ਰਾਹ ਵਿੱਚ ਵੱਡੀਆਂ ਰੁਕਾਵਟਾਂ ਹਨ ਅਤੇ ਇਨ੍ਹਾਂ ਦੇ ਹੱਲ ਲਈ ਮਾਨ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।
ਬਰਸਟ ਵਿਰੋਧੀ ਪਾਰਟੀਆਂ ਖਾਸ ਕਰ ਪਿਛਲੀ ਕਾਂਗਰਸ ਸਰਕਾਰ ਦੀ ਉੱਪਰ ਵੀ ਰੱਜ ਕੇ ਵਰ੍ਹੇ। ਉਨਾਂ ਕਿਹਾ ਕਿ ਕਾਂਗਰਸ ਨੇ ਸੂਬੇ ਦੇ ਪੰਜ ਸਾਲ ਇਹੋ ਕਹਿਕੇ ਬਰਬਾਦ ਕਰ ਦਿੱਤੇ ਕਿ ਖਜ਼ਾਨਾ ਖਾਲੀ ਹੈ। ਉਨਾਂ ਜਲੰਧਰ ਵਿੱਚ ਕਾਂਗਰਸ ਵੇਲੇ ਠੱਪ ਰਹੇ ਵਿਕਾਸ ਦੇ ਕੰਮਾਂ ਤੇ ਸੜਕਾਂ ਦੀ ਖਸਤਾ ਹਾਲਤ ਦਾ ਵੀ ਜ਼ਿਕਰ ਕੀਤਾ।
ਦੂਜੇ ਪਾਸੇ ਬਰਸਟ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ ਸਰਕਾਰ ਦੇ ਵੱਲੋਂ ਜਲੰਧਰ ਸਮੇਤ ਸੂਬੇ ਭਰ ਵਿੱਚ ਚੱਲ ਰਹੇ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਸਭ ਸੰਭਵ ਹੈ।