ਜਲੰਧਰ ਦੇ ਲੋਕਾਂ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਲੋਕ-ਸਭਾ ਭੇਜਣ ਦਾ ਕੀਤਾ ਪੱਕਾ ਫ਼ੈਸਲਾ- ਜਗਰੂਪ ਗਿੱਲ
- ਜਲੰਧਰ ਜ਼ਿਮਨੀ ਚੋਣ: ਰਵਾਇਤੀ ਪਾਰਟੀਆਂ ਦਾ ਬਚਿਆ-ਖੁਚਿਆ ਆਧਾਰ ਵੀ ਜਾ ਰਿਹਾ ਹੈ ਖ਼ੁਰਦਾ !
- ਪੰਚਾਂ-ਸਰਪੰਚਾਂ ਅਤੇ ਸਥਾਨਕ ਆਗੂਆਂ ਦਾ 'ਆਪ ਵਿੱਚ ਸ਼ਾਮਿਲ ਹੋਣਾ ਲਗਾਤਾਰ ਜਾਰੀ
- ਪਿੰਡ ਅੱਤੀ ਦੇ ਸਰਪੰਚ ਸਮੇਤ ਪੰਚਾਇਤੀ ਮੈਂਬਰਾਂ ਨੇ ਫੜਿਆ 'ਆਪ' ਦਾ ਝਾੜੂ
ਜਲੰਧਰ, 28 ਅਪ੍ਰੈਲ 2023 - ਜਲੰਧਰ ਜ਼ਿਮਨੀ ਚੋਣ ਵਿੱਚ ਜਿੱਥੇ ਆਮ ਆਦਮੀ ਪਾਰਟੀ ਦਿਨੋਂ-ਦਿਨ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ, ਉੱਥੇ ਰਵਾਇਤੀ ਪਾਰਟੀਆਂ ਦਾ ਆਧਾਰ ਲਗਾਤਾਰ ਖੁਰਦਾ ਜਾ ਰਿਹਾ ਹੈ। ਇਸੇ ਦੌਰਾਨ ਅੱਜ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਪਿੰਡ ਅੱਤੀ ਵਿਖੇ ਪਿੰਡ ਦੇ ਸਰਪੰਚ 'ਤੇ ਰਾਮ ਬਾਗ਼ ਦੇ ਸਾਬਕਾ ਪ੍ਰਧਾਨ ਸੋਹਣ ਲਾਲ ਸਮੇਤ ਦੋ ਪੰਚਾਇਤੀ ਮੈਂਬਰ ਭਗਤ ਰਾਮ ਅਤੇ ਭਗਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਵਿਧਾਇਕ ਗਿੱਲ ਨੇ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਵਿੱਚ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਅਤੇ ਲਾਗੂ ਕੀਤੀਆਂ ਜਾ ਰਹੀਆਂ ਹੋਰ ਸਕੀਮਾਂ ਨੂੰ ਲੈਕੇ ਜਲੰਧਰ ਲੋਕ-ਸਭਾ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਹਲਕੇ ਦੇ ਲੋਕਾਂ ਵਲੋਂ 'ਆਪ' ਨੂੰ ਭਾਰੀ ਸਮਰਥਨ ਮਿਲ ਰਿਹਾ ਹੈ।
ਉਨ੍ਹਾਂ ਦੁਹਰਾਇਆ ਕਿ ਜਲੰਧਰ ਦੇ ਸੂਝਵਾਨ ਲੋਕਾਂ ਨੇ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਪੱਕਾ ਮੰਨ ਬਣਾ ਲਿਆ ਹੈ। ਦੂਜੇ ਪਾਸੇ ਜਲੰਧਰ ਲੋਕ-ਸਭਾ ਜ਼ਿਮਨੀ ਚੋਣ ਲਈ ਪਾਰਟੀ ਨੂੰ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਹਾਜ਼ਰ ਹੋਏ ਸਮੂਹ ਪਿੰਡ ਵਾਸੀਆਂ ਨੇ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਵਾਅਦਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 2 ਤੋਂ ਸੁਖਦੀਪ ਢਿੱਲੋਂ, ਜਗਦੀਸ਼ ਸਿੰਘ ਅਤੇ ਸਾਥੀ ਵੀ ਹਾਜ਼ਰ ਸਨ।