ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸਾਬਕਾ ਫੌਜੀਆਂ ਦਾ 'ਆਪ' ਨੂੰ ਸਮਰਥਨ
....ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਸਾਬਕਾ ਫੌਜੀਆਂ ਨੇ ਮੀਟਿੰਗ ਦੌਰਾਨ ਕੀਤਾ ਐਲਾਨ
...‘ਆਪ’ ਦੇ ਉਮੀਦਵਾਰ ਰਿੰਕੂ ਨੇ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣ ਦਾ ਕੀਤਾ ਦਾਅਵਾ
...ਕਿਹਾ ਕਿ ਸਿਰਫ਼ ਸਾਬਕਾ ਸੈਨਿਕ ਹੀ ਨਹੀਂ, ਸਗੋਂ ਪੂਰਾ ਦੇਸ਼ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਨਾਲ ਹੈ ਖੜ੍ਹਾ
....ਭਾਜਪਾ ਦੀ ਕੇਂਦਰ ਸਰਕਾਰ ਤੋਂ ਸਾਬਕਾ ਫੌਜੀਆਂ ਨੂੰ ਕੋਈ ਉਮੀਦ ਨਹੀਂ
....ਦੇਸ਼ ਭਰ ਦੇ ਸਾਬਕਾ ਸੈਨਿਕ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਕਰਨਗੇ ਡਟ ਕੇ ਵਿਰੋਧ
ਡੇਰਾ ਬਾਬਾ ਨਾਨਕ, 16 ਅਪਰੈਲ 2023 - ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਸੂਬੇ ਦੇ ਸਾਬਕਾ ਫੌਜੀ ਆਮ ਆਦਮੀ ਪਾਰਟੀ (ਆਪ) ਦੇ ਹੱਕ ਵਿੱਚ ਡਟ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਇੱਕ ਹਰਮਨ ਪਿਆਰੀ ਪਾਰਟੀ ਬਣ ਚੁੱਕੀ ਹੈ ਅਤੇ ਦੇਸ਼ ਵਾਸੀ ਕੇਜਰੀਵਾਲ ਨੂੰ ਦੇਸ਼ ਦੇ ਇੱਕ ਇਮਾਨਦਾਰ ਅਤੇ ਸੁਧਾਰਕ ਨੇਤਾ ਵਜੋਂ ਦੇਖ ਰਹੇ ਹਨ।
ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਸਾਬਕਾ ਫੌਜੀਆਂ ਦੀ ਹੋਈ ਮੀਟਿੰਗ ਦੌਰਾਨ ਜਲੰਧਰ ਲੋਕ ਸਭਾ ਹਲਕੇ ਦੀ ਅਗਲੇ ਮਹੀਨੇ ਹੋਣ ਵਾਲੀ ਜ਼ਿਮਨੀ ਚੋਣ ਅਤੇ ਅਗਲੇ ਸਾਲ 2024 ਵਿੱਚ ਹੋਣ ਵਾਲੀਆਂ ਦੇਸ਼ ਦੀਆਂ ਲੋਕ ਸਭਾ ਚੋਣਾਂ ਸਬੰਧੀ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਾਬਕਾ ਫੌਜੀਆਂ ਨੇ ਐਲਾਨ ਕੀਤਾ ਕਿ ਉਹ ਜਲੰਧਰ ਲੋਕ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਅਤੇ 2024 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੀ ‘ਆਪ’ ਦਾ ਸਮਰਥਨ ਕਰਨਗੇ। ਜਿਸ ਤਰ੍ਹਾਂ 2022 ਵਿੱਚ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਉਸੇ ਤਰ੍ਹਾਂ 2024 ਵਿੱਚ ਹੋਣ ਵਾਲਿਆਂ ਲੋਕਸਭਾ ਚੋਣਾਂ ਵਿੱਚ ਦੇਸ਼ ਵਾਸੀ ਆਮ ਆਦਮੀ ਪਾਰਟੀ ਨੂੰ ਰਿਕਾਰਡ ਤੋੜ ਵੋਟਾਂ ਪਾਕੇ ਅਰਵਿੰਦ ਕੇਜਰੀਵਾਲ ਨੂੰ ਜੇਤੂ ਬਣਾਉਣਗੇ।
ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਏਜੰਸੀ ਵੱਲੋਂ ਪੁੱਛਗਿੱਛ ਲਈ ਭੇਜੇ ਗਏ ਸੰਮਨ ਬਾਰੇ ਸਾਬਕਾ ਫੌਜੀਆਂ ਨੇ ਕਿਹਾ ਕਿ ਅਜਿਹੇ ਸਿਆਸੀ ਹੱਥਕੰਡੇ ਅਪਣਾਉਣ ਨਾਲ ਭਾਜਪਾ ਦਾ ਕੁਝ ਵੀ ਭਲਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕਲੇ ਨਹੀਂ ਹਨ, ਅੱਜ ਪੂਰਾ ਦੇਸ਼ ਕੇਜਰੀਵਾਲ ਨਾਲ ਖੜ੍ਹਾ ਹੈ। ਇਸੇ ਤਰ੍ਹਾਂ ਪੂਰਾ ਦੇਸ਼ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਸਾਬਕਾ ਫੌਜੀਆਂ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਦੋਸ਼ ਲਗਾਇਆ ਕਿ ਕੇਜਰੀਵਾਲ ਦੇ ਦੇਸ਼ ਵਿੱਚ ਵੱਧ ਰਹੇ ਪ੍ਰਭਾਵ ਅਤੇ ਆਪਣੀ ਪਾਰਟੀ ਦੀ ਹਾਰ ਦੀ ਬੌਖਲਾਹਟ ਕਾਰਨ ਭਾਜਪਾ ਜਿਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਭਾਜਪਾ ਦੇ ਇਨ੍ਹਾਂ ਹੱਥਕੰਡਿਆਂ ਨਾਲ ਕੋਈ ਫਰਕ ਨਹੀਂ ਪੈਣ ਵਾਲਾ।
ਸਾਬਕਾ ਫੌਜੀਆਂ ਨੇ ਦਾਅਵਾ ਕੀਤਾ ਕਿ 12 ਮਈ ਨੂੰ ਹੋਣ ਜਾ ਰਹੀ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਰਿਕਾਰਡਤੋੜ ਜਿੱਤ ਦਰਜ ਕਰੇਗੀ। ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਸਾਬਕਾ ਫੌਜੀਆਂ ਨੇ ਕਿਹਾ ਕਿ ਸੂਬੇ ਵਿੱਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਨਸ਼ਿਆਂ 'ਤੇ ਕੁਝ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਅਤੇ ਉਮੀਦ ਜ਼ਾਹਿਰ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ 'ਆਪ' ਦੇ ਸ਼ਾਸਨ 'ਚ ਪੰਜਾਬ 'ਚੋਂ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਹੋ ਜਾਂਵੇਗਾ। ਸਾਬਕਾ ਫੌਜੀਆਂ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਦੋਸ਼ ਲਗਾਇਆ ਕਿ ਦੇਸ਼ ਦੇ ਸਾਬਕਾ ਫੌਜੀ ਭਾਜਪਾ ਸਰਕਾਰ ਦੇ ਫੈਸਲਿਆਂ ਤੋਂ ਬਹੁਤ ਪਰੇਸ਼ਾਨ ਹਨ।
ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਨਪੀਐਸ ਸਬੰਧੀ ਜੋ ਹੁਕਮ ਆਏ ਹਨ, ਉਨ੍ਹਾਂ ਵਿੱਚ ਸੀਨੀਅਰ ਪੱਧਰ ਦੇ ਸੇਵਾਮੁਕਤ ਫੌਜੀ ਅਧਿਕਾਰੀਆਂ ਦੀ ਪੈਨਸ਼ਨ ਵਿੱਚ ਵਾਧਾ ਕਰਨ ਦੀ ਬਜਾਏ 2000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫੈਸਲੇ 'ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਉਨ੍ਹਾਂ ਅਧਿਕਾਰੀਆਂ ਲਈ ਇੱਕ ਵੱਡਾ ਝਟਕਾ ਹੈ ਜੋ ਦੇਸ਼ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਦੇ 28 ਅਹਿਮ ਸਾਲ ਬਿਤਾਉਣ ਤੋਂ ਬਾਅਦ ਸੇਵਾਮੁਕਤ ਹੋ ਜਾਣਗੇ।
ਮੀਟਿੰਗ ਤੋਂ ਬਾਅਦ ਸਾਬਕਾਫੌਜੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਸੰਤੁਸ਼ਟ ਹਨ। ਪਾਰਟੀ ਵੱਲੋਂ ਲੋਕਾਂ ਦੇ ਹਿੱਤ ਵਿੱਚ ਚੰਗੇ ਫੈਸਲੇ ਲਏ ਜਾ ਰਹੇ ਹਨ। 'ਆਪ' ਦੇ ਰਾਜ 'ਚ ਕਿਸੇ ਵੀ ਸਰਕਾਰੀ ਦਫ਼ਤਰ 'ਚ ਕੋਈ ਹੇਰਾਫੇਰੀ ਨਹੀਂ ਚਲਦੀ। ਇਸਤੋਂ ਪਹਿਲਾਂ ਭ੍ਰਿਸ਼ਟਾਚਾਰ ਸਿਖਰ 'ਤੇ ਸੀ ਅਤੇ ਪੈਸੇ ਦੇ ਕੇ ਵੀ ਲੋਕਾਂ ਦੇ ਕੰਮ ਨਹੀਂ ਹੁੰਦੇ ਸਨ। ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਗਈ ਹੈ।
ਮੀਟਿੰਗ ਵਿੱਚ ਮੌਜੂਦ ਸਾਬਕਾਫੌਜੀਆਂ ਨੇ ਕਿਹਾ ਕਿ ਕੇਂਦਰ ਵਿੱਚ ਪਹਿਲਾਂ ਵੀ ਸਰਕਾਰਾਂ ਰਹੀਆਂ ਹਨ। ਸਾਬਕਾ ਸੈਨਿਕਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੀ ਅੱਜ ਵੀ ਚਰਚਾ ਹੁੰਦੀ ਹੈ। ਉਨ੍ਹਾਂ ਦੇ ਸਮੇਂ ਵਿਚ ਜੇਕਰ ਕੋਈ ਫ਼ੌਜੀ ਸ਼ਹੀਦ ਹੁੰਦਾ ਸੀ ਤਾਂ ਉਸ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਂਦਾ ਸੀ। ਮੀਟਿੰਗ ਦੇ ਸਬੰਧ ਵਿਚ ਸਾਬਕਾ ਫੌਜੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਕਜੁੱਟ ਹੋ ਕੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਵਲੋਂ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਅਤੇ ਅਗਲੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਨਿਆਕੁਮਾਰੀ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਸਾਬਕਾ ਫੌਜੀ ਇਕਜੁੱਟ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟ ਕੇ ਮੁਕਾਬਲਾ ਕਰਨਗੇ।