ਜਲੰਧਰ ’ਚ ਢਾਈ ਮਹੀਨਿਆਂ ਦੌਰਾਨ ਕੋਵਿਡ ਦੇ ਸਭ ਤੋਂ ਘੱਟ ਕੇਸ ਆਏ ਸਾਹਮਣੇ- ਡੀ ਸੀ
- ਕੋਵਿਡ ਸੰਭਾਲ ਹਸਪਤਾਲਾਂ ’ਚ 75 ਫੀਸਦ ਬੈਡ ਖ਼ਾਲੀ
- ਕਿਹਾ, ਮਾਰਚ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ 500 ਤੋਂ ਘੱਟ ਕੋਵਿਡ ਦੇ ਮਰੀਜ਼ ਹਸਪਤਾਲਾਂ ’ਚ ਦਾਖਲ
- ਜ਼ਿਲ੍ਹੇ ’ਚ ਸਭ ਤੋਂ ਘੱਟ ਮੌਤ ਦਰ ਸਦਕਾ ਸੀ.ਐਫ.ਆਰ.ਇਨਡੈਕਸ ’ਚ ਜਲੰਧਰ ਆਇਆ 18ਵੇਂ ਸਥਾਨ ’ਤੇ
- ਜ਼ਿਲ੍ਹਾ ਵਾਸੀਆਂ ਵਲੋਂ ਕੋਵਿਡ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਾਏ ਗਏ ਯੋਗਦਾਨ ਦੀ ਵੀ ਕੀਤੀ ਸ਼ਲਾਘਾ
ਜਲੰਧਰ 04 ਜੂਨ 2021 - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਦੇ ਨਤੀਜੇ ਵਜੋਂ ਜ਼ਿਲ੍ਹੇ ਵਿੱਚ ਪਿਛਲੇ ਢਾਈ ਮਹੀਨÇਆਂ ਦੌਰਾਨ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਰਿਕਾਰਡ ਕਮੀ ਸਾਹਮਣੇ ਆਈ ਜਿਸ ਸਦਕਾ ਜ਼ਿਲ੍ਹੇ ਭਰ ਦੇ ਕੋਵਿਡ ਸੰਭਾਲ ਹਸਪਤਾਲਾਂ (ਸਹੂਲਤਾਂ) ਵਿੱਚ 75 ਫੀਸਦ ਬੈਡ ਖਾਲੀ ਹੋ ਗਏ ਹਨ।
ਜ਼ਿਲ੍ਹੇ ਵਿੱਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਪਣਾਈ ਗਈ ਬਹ- ਪੱਖੀ ਰਣਨੀਤੀ ’ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਕੋਵਿਡ ਸੰਭਾਲ ਸਹੂਲਤਾਂ ਵਿੱਚ 2000 ਬੈਡਾਂ ਦਾ ਇੰਤਜ਼ਾਮ ਕੀਤਾ ਗਿਆ ਸੀ, ਜਿਸ ਵਿਚੋਂ ਹੁਣ 1500 ਬੈਡ (75 ਫੀਸਦ) ਖਾਲੀ ਪਏ ਹਨ ਜੋ ਕਿ ਸਥਿਤੀ ਵਿੱਚ ਹੋਏ ਸੁਧਾਰ ਨੂੰ ਦਰਸਾਉਂਦੇ ਹਨ। ਉਨ੍ਹਾਂ ਦੱਸਿਆ ਕਿ ਬੈਡਾਂ ਦੇ ਮਾਮਲੇ ਵਿੱਚ ਹੀ ਨਹੀਂ ਜ਼ਿਲ੍ਹੇ ਵਿੱਚ ਲਗਤਾਰ ਕੋਵਿਡ ਕਰਕੇ ਹੋਣ ਵਾਲੀ ਮੌਤ ਦਰ ਵਿੱਚ ਵੀ ਸੁਧਾਰ ਹੋ ਰਿਹਾ ਹੈ ਜਿਸ ਸਕਦਾ ਜ਼ਿਲ੍ਹਾ ਜਲੰਧਰ ਸੂਬੇ ਭਰ ਦੇ 22 ਜਿਲਿ੍ਹਆਂ ਦੇ ਸੀ.ਐਫ.ਆਰ.ਇੰਡੈਕਸ ਵਿੱਚ 18ਵੇਂ ਸਥਾਨ ’ਤੇ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਐਫ.ਆਰ. ਦੀ ਤਾਜ਼ਾ ਰਿਪੋਰਟ ਅਨੁਸਾਰ ਜਲੰਧਰ ਜ਼ਿਲ੍ਹੇ ਵਿੱਚ ਕੋਵਿਡ ਕਰਕੇ ਹੋਣ ਵਾਲੀ ਮੌਤ ਦਰ 2.30 ਫੀਸਦ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 60733 ਪਾਜ਼ੀਟਿਵ ਕੇਸ ਸਾਹਮਣੇ ਆਏ ਸਨ ਜਿਨਾਂ ਵਿਚੋਂ 1394 ਮੌਤਾਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਵਲੋਂ ਸਾਰੇ ਸਿਹਤ ਸੰਭਾਲ ਕਾਮਿਆਂ ਅਤੇ ਮੋਹਰਲੀ ਕਤਾਰ ਦੇ ਯੋਧਿਆਂ ਵਲੋਂ ਜ਼ਿਲ੍ਹੇ ਵਿੱਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨਂੇ ਜ਼ਿਲ੍ਹਾ ਵਾਸੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਇਨਾਂ ਵਲੋਂ ਸੂਬਾ ਸਰਕਾਰ ਦੁਆਰਾ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮਦੇਨਜ਼ਰ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਹੈ।
ਥੋਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਆ ਰਹੀ ਕਮੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਰਥਿਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਬੰਦੀਆਂ ਨੂੰ ਹਟਾਉਂਦਿਆਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 5 ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲਣ ਦੀ ਇਜ਼ਾਜ਼ਤ ਦਿੱਤੀ ਗਈ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਜਿਹੀਆਂ ਪਾਬੰਦੀਆਂ ਦੁਬਾਰਾ ਲਗਾਉਣ ਦੀ ਲੋੜ ਨਾ ਪਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਵਾਇਰਸ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਨੂੰ ਅਪਣਾਕੇ ਹੀ ਅਸੀਂ ਇਸ ਘਾਤਕ ਵਾਇਰਸ ਨੁੂੰ ਫੈਲਣ ਤੋਂ ਰੋਕ ਸਕਦੇ ਹਾਂ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੋਵਿਡ-19 ਦੀ ਮੌਜੂਦਾ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ।