ਜ਼ਿਮਨੀ ਚੋਣਾਂ ਦੇ ਮੱਦੇਨਜਰ ਜਲੰਧਰ ਸਿਹਤ ਵਿਭਾਗ ਨੇ ਕੀਤੇ ਮੁਕੰਮਲ ਪ੍ਰਬੰਧ
- ਸਿਵਲ ਸਰਜਨ ਵੱਲੋਂ ਸਮੂਹ ਐਸ.ਐਮ.ਓ. ਅਤੇ ਨੋਡਲ ਅਫ਼ਸਰਾਂ ਨੂੰ ਦਿੱਤੀਆਂ ਜਰੂਰੀ ਹਦਾਇਤਾਂ
ਜਲੰਧਰ (04-05-2023): ਜ਼ਿਮਨੀ ਚੋਣ ਦੇ ਮੱਦੇਨਜਰ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਜਿਲ੍ਹੇ ਦੇ ਸਮੂਹ ਐਸ.ਐਮ.ਓ., ਮੈਡੀਕਲ ਅਫ਼ਸਰਾਂ ਅਤੇ ਨੋਡਲ ਅਫ਼ਸਰਾਂ ਨਾਲ ਵੀਰਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਸਮੀਖਿਆ ਮੀਟਿੰਗ ਕੀਤੀ ਗਈ ਅਤੇ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਅਤੇ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ। ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ ਵੱਲੋਂ ਸਮੂਹ ਐਸ.ਐਮ.ਓ. ਨੂੰ ਪੋਲਿੰਗ ਬੂਥਾਂ 'ਤੇ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ 'ਤੇ ਸਿਹਤ ਸਟਾਫ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦੇ ਦਿੱਤੀ ਗਈ ਹੈ।
ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਵਿੱਚ 1970 ਪੋਲਿੰਗ ਬੂਥਾਂ ਤੋਂ ਬਾਇਓ ਮੈਡੀਕਲ ਵੇਸਟ ਕੁਲੈਕਸ਼ਨ ਲਈ 9 ਸੀਨੀਅਰ ਮੈਡੀਕਲ ਅਫ਼ਸਰ ਅਤੇ 46 ਮੈਡੀਕਲ ਅਫ਼ਸਰ ਬਤੌਰ ਨੋਡਲ ਅਫ਼ਸਰ ਨਾਮਜਦ ਕੀਤੇ ਗਏ ਹਨ। ਹਰੇਕ ਪੋਲਿੰਗ ਬੂਥ 'ਤੇ ਬਾਇਓ ਮੈਡੀਕਲ ਵੇਸਟ ਨੂੰ ਇਕੱਤਰ ਕਰਨ ਲਈ ਆਸ਼ਾ ਵਰਕਰਜ਼ ਦੀ ਵਿਸ਼ੇਸ਼ ਡਿਉਟੀ ਲਗਾਈ ਗਈ ਹੈ। ਇਸ ਸੰਬੰਧ ਵਿੱਚ ਪੈਰਾ ਮੈਡੀਕਲ ਸਟਾਫ਼ ਅਤੇ ਆਸ਼ਾ ਵਰਕਰਜ਼ ਨੂੰ ਸੰਬੰਧਤ ਐਸ.ਐਮ.ਓ. ਵੱਲੋਂ ਮੁਕੰਮਲ ਟ੍ਰੇਨਿੰਗ ਦੇ ਦਿੱਤੀ ਗਈ ਹੈ।
ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਚੋਣਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਸੀ.ਐਚ.ਸੀ., ਪੀ.ਐਚ.ਸੀ. ਅਤੇ ਜਿਲ੍ਹਾ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਲਈ ਵਿਸ਼ੇਸ਼ ਰੋਸਟਰ ਤਿਆਰ ਕੀਤਾ ਜਾ ਰਿਹਾ ਹੈ।