ਹਰੀਸ਼ ਕਾਲੜਾ
ਰੂਪਨਗਰ, 15 ਅਪ੍ਰੈਲ 2020 - ਕੋਵਿਡ 19 (ਕੋਰੋਨਾ ਵਾਇਰਸ) ਨਾਲ ਚੱਲ ਰਹੀ ਸੰਸਾਰ ਪੱਧਰੀ ਲੜਾਈ ਵਿੱਚ ਪੰਜਾਬ ਪੁਲੀਸ ਵੱਲੋਂ ਦਿੱਤੇ ਜਾ ਰਹੇ ਸ਼ਲਾਘਾਯੋਗ ਰੋਲ ਨੂੰ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ। ਪੰਜਾਬ ਪੁਲਿਸ ਦੇ 25 ਅਫ਼ਸਰਾਂ ਜਿਨ੍ਹਾਂ ਵਿੱਚੋਂ 4 ਐਸ ਪੀ, ਇੱਕ ਏ.ਐੱਸ. ਪੀ., ਇੱਕ ਡੀ. ਐੱਸ. ਪੀ., 6 ਇੰਸਪੈਕਟਰ 4 ਸਬ ਇੰਸਪੈਕਟਰ ,3 ਏ. ਐੱਸ. ਆਈ.. 2 ਹੈੱਡ ਕਾਂਸਟੇਬਲ ਤੇ 4 ਕਾਂਸਟੇਬਲ ਨੂੰ ਸਮਾਜ ਵਿੱਚ ਵਧੀਆ ਤਰੀਕੇ ਨਾਲ ਮਨੁਖਤਾ ਦੀ ਸੇਵਾ ਕਰਨ ਬਦਲੇ ਡਿਸਕ ਅਵਾਰਡ ਦਿੱਤਾ ਗਿਆ ਹੈ। ਇਸ ਐਵਾਰਡ ਵਿੱਚ ਜਿਲ੍ਹਾ ਰੋਪੜ ਦੇ ਇੱਕ ਡੀ.ਐੱਸ.ਪੀ. ਵਰਿੰਦਰਜੀਤ ਸਿੰਘ ਅਤੇ ਇੱਕ ਸਬ ਇੰਸਪੈਕਟਰ ਜਤਿਨ ਕਪੂਰ ਨੂੰ ਇਹ ਐਵਾਰਡ ਹਾਸਲ ਕਰਨ ਦਾ ਮਾਣ ਹਾਸਲ ਹੋਇਆ ਹੈ ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਥਾਣੇ ਵਿੱਚ ਜਤਿਨ ਕਪੂਰ ਵੱਲੋਂ ਨੌਕਰੀ ਕੀਤੀ ਜਾ ਰਹੀ ਹੈ, ਉਸ ਥਾਣੇ ਨੂੰ ਸਭ ਤੋਂ ਵੱਧ ਖੇਤਰਫਲ ਵਾਲਾ ਅਤੇ ਸਭ ਤੋਂ ਵੱਧ ਕਸੂਤਾ ਥਾਣਾ ਮੰਨਿਆ ਜਾਂਦਾ ਹੈ ਉੱਥੇ ਉਸ ਥਾਣੇ ਵਿੱਚ ਛੇਤੀ ਕੋਈ ਨੌਕਰੀ ਕਰਨ ਨੂੰ ਤਿਆਰ ਵੀ ਨਹੀਂ ਹੁੰਦਾ। ਨੂਰਪੁਰ ਬੇਦੀ ਦੇ ਇਸ ਥਾਣੇ ਵਿੱਚ ਜਤਿਨ ਕਪੂਰ ਵੱਲੋਂ ਬਤੌਰ ਐਸ. ਐਚ. ਓ. ਨੌਕਰੀ ਕਰਦਿਆਂ ਨਾ ਸਿਰਫ ਕੋਰੋਨਾ ਵਾਇਰਸ ਦੇ ਸ਼ੁਰੂ ਹੁੰਦਿਆਂ ਗ਼ਰੀਬ ਘਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਤੱਕ ਸੁੱਕਾ ਰਾਸ਼ਨ ਅਤੇ ਲੰਗਰ ਹੀ ਪਹੁੰਚਾਇਆ ਸਗੋਂ ਆਪਣੇ ਪੱਧਰ ਤੇ ਕਿਉਂਕਿ ਨੂਰਪੁਰ ਬੇਦੀ ਦਾ ਬਹੁਤਾ ਏਰੀਆ ਜੰਗਲੀ ਹੈ ਉੱਥੋਂ ਦੇ ਜਾਨਵਰਾਂ ਲਈ ਵੀ ਖਾਣ ਦਾ ਪ੍ਰਬੰਧ ਕੀਤਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਤਿਨ ਕਪੂਰ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਕੰਮਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਕਸਰ ਹੀ ਦੇਖੀਆਂ ਜਾ ਸਕਦੀਆਂ ਹਨ ।
ਇਸ ਸਬੰਧੀ ਗੱਲ ਕਰਦਿਆਂ ਜਿਲਾ ਰੋਪੜ ਦੇ ਐਸ.ਐਸ.ਪੀ. ਸਵਪਨ ਸ਼ਰਮਾ ਆਈ.ਪੀ.ਐੱਸ. ਨੇ ਕਿਹਾ ਕਿ ਮਾਣਯੋਗ ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਵੱਲੋਂ ਇਹ ਚੁੱਕਿਆ ਗਿਆ ਸ਼ਲਾਘਾਯੋਗ ਕਦਮ ਹੈ ਅਤੇ ਇਸ ਨਾਲ ਫੋਰਸ ਦਾ ਮਨੋਬਲ ਵਧੇਗਾ ਉਨ੍ਹਾਂ ਡਿਸਕ ਮਿਲਣ ਤੇ ਦੋਨਾਂ ਅਫ਼ਸਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਮੇਰੀ ਸਾਰੀ ਫੋਰਸ ਹੀ ਇੰਨੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਕਿ ਮੇਰੀਆਂ ਨਜ਼ਰਾਂ ਵਿੱਚ ਫੋਰਸ ਦਾ ਹਰ ਇੱਕ ਮੁਲਾਜ਼ਮ ਡਿਸਕ ਦਾ ਹੱਕਦਾਰ ਹੈ ਉਨ੍ਹਾਂ ਫੋਰਸ ਵੱਲੋਂ ਤਨਦੇਹੀ ਨਾਲ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਵੀ ਕੀਤੀ ।