ਨਵੀਂ ਦਿੱਲੀ, 3 ਅਪ੍ਰੈਲ 2020 : ਪੂਰੇ ਭਾਰਤ 'ਚ ਲਾਕਡਾਊਨ ਹੋਣ ਕਾਰਨ ਦਿੱਲੀ ਦੀ ਜੀ.ਬੀ ਰੋਡ 'ਤੇ ਵੀ ਇਸਦਾ ਖਾਸਾ ਅਸਰ ਪਿਆ। ਬੀਤੇ ਦਿਨੀਂ ਇਸ ਸਬੰਧੀ ਕਈ ਖ਼ਬਰਾਂ ਵੀ ਆਈਆਂ ਸਨ ਕਿ ਉਥੇ ਰਹਿ ਰਹੀਆਂ ਸੈਕਸ ਵਰਕਰਾਂ ਅੱਜ ਕੱਲ੍ਹ ਭੁੱਖ ਨਾਲ ਜੂਝ ਰਹੀਆਂ ਨੇ। ਪਰ ਹੁਣ ਇੰਨ੍ਹਾਂ ਸੈਕਸ ਵਰਕਰਾਂ ਦੀ ਇੱਕ ਸਿੱਖ ਬੀਬੀ ਨੇ ਸਾਰ ਪੁੱਛੀ ਹੈ।
ਦਿੱਲੀ ਸਿੱਖ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੀ ਵਾਈਸ ਪ੍ਰੈਜ਼ੀਡੈਂਟ ਬੀਬੀ ਰਣਜੀਤ ਕੌਰ ਨੇ ਦਿੱਲੀ ਦੇ ਜੀ.ਬੀ ਰੋਡ 'ਤੇ ਰਹਿੰਦੀਆਂ ਸੈਕਸ ਵਰਕਰਾਂ ਲਈ ਰੋਟੀ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਦੇ ਨਾਲ ਨਾਲ ਹੋਰਨਾਂ ਦਿਹਾੜੀਦਾਰਾਂ ਨੂੰ ਰੋਟੀ ਪਹੁੰਚਾਈ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਕੇ ਕੋਈ ਸ਼ਰਮ ਮਹਿਸੂਸ ਨਹੀਂ ਹੋਈ। ਉਨ੍ਹਾਂ ਕਿਹਾ ਕਿ 'ਸਾਡੇ ਗੁਰੂ ਸਾਹਿਬ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ।' ਜਿਸ ਦੇ ਤਹਿਤ ਉਹ ਰੋਜ਼ਾਨਾ ਹੁਣ ਇਸ ਜਗ੍ਹਾ 'ਤੇ ਭੋਜਨ ਪਹੁੰਚਾਇਆ ਕਰਨਗੇ।