ਅਸ਼ੋਕ ਵਰਮਾ
ਬਠਿੰੰਡਾ, 15 ਜੂਨ 2020: ਜੈ ਸਿੰਘ ਵਾਲਾ ਜਬਰ ਮਾਮਲੇ ਵਿੱਚ ਜਥੇਬੰਦੀਆਂ ਦੇ ਦਬਾਅ ਅੱਗੇ ਝੁਕਦਿਆਂ ਪੁਲਿਸ ਨੇ ਇਸ ਮਾਮਲੇ ’ਚ ਨਾਮਜਦ ਬਲਦੇਵ ਸਿੰਘ ਉਰਫ ਦੇਵ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਜਦੋਂ ਕਿ 3 ਵਿਅਕਤੀ ਅਜੇ ਵੀ ਪੁਲਿਸ ਦੀ ਗਿ੍ਰਫਤ ਵਿਚੋਂ ਬਾਹਰ ਹਨ। ਉਧਰ ਜਥੇਬੰਦੀਆਂ ਨੇ ਅੱਜ ਦੂਜੇ ਦਿਨ ਪਿੰਡ ਘੁੱਦਾ, ਬਾਂਡੀ, ਜੰਡੀਆਂ ਅਤੇ ਝੁੰਬਾ ਵਿਖੇ ਪੁਲਿਸ ਸਿਆਸੀ ਗੁੰਡਾ ਗਠਜੋੜ ਦੀ ਅਰਥੀ ਸਾੜੀ । ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਗਸੀਰ ਸਿੰਘ ਝੁੰਬਾ ਅਤੇ ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਨੇ ਕਿਹਾ ਕਿ ਦੋ ਵਾਰ ਜਨਤਕ ਇਕੱਠ ਵਿੱਚ ਮੁਲਜਮਾਂ ਨੂੰ ਫੜਣ ਦਾ ਵਾਅਦਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਕਹਿਣੀ ਅਤੇ ਕਰਨੀ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਅੱਜ 2 ਹਫਤੇ ਬੀਤ ਜਾਣ ਦੇ ਬਾਵਜੂਦ ਵੀ ਮੁਲਜਮ ਬੇਖੌਫ ਘੁੰਮ ਰਹੇ ਹਨ। ਅਤੇ ਪੁਲਿਸ ਜਨਤਕ ਆਗੂਆਂ ਨੂੰ ਧਮਕੀ ਦੇਣ ਵਾਲੇ ਨੂੰ ਅਜੇ ਤੱਕ ਲੱਭ ਨਹੀਂ ਸਕੀ ਜੋ ਆਧੁਨਿਕ ਤਕਨੀਕ ਦੇ ਜ਼ਮਾਨੇ ਵਾਲੀ ਪੰਜਾਬ ਪੁਲਿਸ ਲਈ ਨਮੋਸ਼ੀ ਵਾਲੀ ਗੱਲ ਹੈ।
ਆਗੂਆਂ ਨੇ ਕਿਹਾ ਕਿ ਸਿਆਸੀ ਦਬਾਅ ਤਹਿਤ ਪੁਲਿਸ ਵੱਲੋਂ ਨਾਮਜਦ ਵਿਅਕਤੀਆਂ ਨੂੰ ਗਿਰਫ਼ਤਾਰ ਨਾ ਕਰਨਾ ਦਰਸਾਉਂਦਾ ਹੈ ਕਿ ਕਿਵੇਂ ਸਾਡੇ ਸਿਆਸੀ ਨੇਤਾਵਾਂ ਦੀ ਗੁੰਡਾ ਅਨਸਰਾਂ ਨਾਲ ਡੂੰਘੀ ਸਾਂਝ ਹੈ। ਆਗੂਆਂ ਨੇ ਕਿਹਾ ਕਿ 14 ਤੋਂ 20 ਜੂਨ ਤੱਕ ਜਿਲੇ ਭਰ ਵਿੱਚ ਪੁਲਿਸ ਸਿਆਸੀ ਗੁੰਡਾ ਗਠਜੋੜ ਦੇ ਪੁਤਲੇ ਫੂਕੇ ਜਾਣਗੇ। ਜੇਕਰ ਆਉਂਦੇ ਦਿਨਾਂ ਵਿੱਚ ਪੁਲੀਸ ਵੱਲੋਂ ਬਾਕੀ ਰਹਿੰਦੇ ਮੁਲਜਮਾ ਨੂੰ ਗਿਰਫ਼ਤਾਰ ਨਾ ਕੀਤਾ ਗਿਆ ,ਪੁਲਿਸ ਅਧਿਕਾਰੀਆਂ ਤੇ ਕਾਰਵਾਈ ਨਾ ਕੀਤੀ ਗਈ ਅਤੇ ਅਸ਼ਵਨੀ ਘੁੱਦਾ ਨੂੰ ਧਮਕੀ ਦੇਣ ਵਾਲੇ ਅਨਸਰ ਨੂੰ ਭਾਲ ਕੇ ਉਸ ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀਆਂ ਵੱਲੋਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਅਜੈਪਾਲ ਸਿੰਘ ਘੁੱਦਾ, ਮੰਦਰ ਸਿੰਘ ਝੁੰਬਾ, ਗੁਰਦਾਤ ਸਿੰਘ , ਰਣਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ ਅਤੇ ਔਰਤਾਂ ਸ਼ਾਮਿਲ ਸਨ।