ਪਰਵਿੰਦਰ ਸਿੰਘ ਕੰਧਾਰੀ
- ਬਠਿੰਡਾ ਤੋਂ ਸਪੈਸ਼ਲ ਟਰੇਨ ਰਾਹੀਂ ਝਾਰਖੰਡ ਦੇ ਡਾਲਟੇਲ ਸਟੇਸ਼ਨ ਤੱਕ ਜਾਣਗੇ
- ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਅਤੇ ਸਮੂਹ ਅਧਿਕਾਰੀਆਂ ਨੇ ਝਾਰਖੰਡ ਦੇ ਲੋਕਾਂ ਦੇ ਚੰਗੇ ਸਫ਼ਰ ਲਈ ਕਾਮਨਾ ਕਰਕੇ ਰਵਾਨਾ ਕੀਤਾ।
- ਵਾਪਸ ਜਾ ਰਹੇ ਮਜ਼ਦੂਰਾਂ ਨੇ ਹਾਲਾਤ ਆਮ ਵਰਗੇ ਹੋਣ ਉਪਰੰਤ ਵਾਪਸ ਫਰੀਦਕੋਟ ਆਉਣ ਦੀ ਇੱਛਾ ਜ਼ਾਹਰ ਕੀਤੀ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝਾਰਖੰਡ ਦੇ ਜਾ ਰਹੇ ਲੋਕਾਂ ਨੂੰ ਦੋ ਵਕਤ ਦਾ ਖਾਣਾ ਅਤੇ ਸੁੱਕੀ ਰਸਦ ਸਫ਼ਰ ਲਈ ਦਿੱਤੀ
ਫਰੀਦਕੋਟ, 10 ਮਈ 2020 - ਪੰਜਾਬ ਸਰਕਾਰ ਵੱਲੋਂ ਰਾਜ ਵਿਚ ਦੂਜੇ ਰਾਜਾਂ ਦੇ ਵਸਨੀਕਾਂ ਜ਼ੋ ਕਿ ਕਰਫਿਊ ਜਾਂ ਲਾਕਡਾਊਨ ਦੌਰਾਨ ਜ਼ਿਲ੍ਹੇ ਵਿਚ ਫਸ ਗਏ ਸਨ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿਚ ਵਾਪਿਸ ਭੇਜਣ ਲਈ ਵੱਡੀ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ।ਜਿਸ ਤਹਿਤ ਫਰੀਦਕੋਟ ਜ਼ਿਲ੍ਹੇ ਵਿਚ ਝਾਰਖੰਡ ਰਾਜ ਨਾਲ ਸਬੰਧਤ ਵੱਡੀ ਗਿਣਤੀ ਵਿਚ ਉਥੋ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜ ਵਿਚ ਵਾਪਸ ਭੇਜਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਵਲੋਂ ਅੱਜ ਇਥੋਂ ਦੇ ਬੱਸ ਸਟੈਂਡ ਤੋਂ ਪੀ ਆਰ ਟੀ ਸੀ ਦੀਆਂ 3 ਬੱਸਾਂ ਵਿਚ ਝਾਰਖੰਡ ਨਾਲ ਸਬੰਧਿਤ 105 ਲੋਕਾਂ ਨੂੰ ਬਠਿੰਡਾ ਲਈ ਰਵਾਨਾ ਕੀਤਾ ਗਿਆ ਜਿਥੋਂ ਝਾਰਖੰਡ ਲਈ ਸਪੈਸ਼ਲ ਰੇਲ ਗੱਡੀ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਇਹ ਉਥੋਂ ਦੇ ਡਾਲਟੇਲ ਸਟੇਸ਼ਨ ਤੱਕ ਜਾਵੇਗੀ।
ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਇਸ ਮੌਕੇ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੀ ਵੈਬ-ਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਗਿਆ ਸੀ ਜਾਂ ਸਬੰਧਤ ਐਸ ਡੀ ਐਮ ਦਫਤਰ ਵਿਚ ਇਸ ਸਬੰਧੀ ਅਰਜ਼ੀ ਦਿੱਤੀ ਸੀ ।ਜਿਸ ਉਪਰੰਤ ਸਿਹਤ ਵਿਭਾਗ ਦੀਆ ਵੱਖ ਵੱਖ ਟੀਮਾਂ ਵੱਲੋਂ ਇਨ੍ਹਾਂ ਦੀ ਥਰਮਲ ਸਕਰੀਨਿੰਗ ਤੋਂ ਇਲਾਵਾ ਸਿਹਤ ਜਾਂਚ ਕੀਤੀ ਗਈ ਅਤੇ ਇਹ ਸਾਰੇ ਹੀ 105 ਲੋਕ ਮੈਡੀਕਲ ਫਿੱਟ ਪਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਫਰੀਦਕੋਟ(70),ਕੋਟਕਪੂਰਾ (30),ਜੈਤੋ (5) ਨਾਲ ਸਬੰਧਤ ਇਨ੍ਹਾਂ ਲੋਕਾਂ ਨੂੰ ਜ਼ੋ ਕਿ ਝਾਰਖੰਡ ਦੇ ਵਸਨੀਕ ਸਨ ਨੂੰ ਬੱਸ ਸਟੈਂਡ ਫਰੀਦਕੋਟ ਵਿਖੇ ਇੱਕਠਾ ਕੀਤਾ ਗਿਆ ਅਤੇ ਇਨ੍ਹਾਂ ਨੂੰ ਸਵੇਰੇ ਬਰੇਕ ਫਾਸਟ ਕਰਵਾਇਆ ਗਿਆ ਅਤੇ ਉਸ ਉਪਰੰਤ ਦੁਪਹਿਰ ਦਾ ਖਾਣਾ ਅਤੇ ਹੋਰ ਸੁੱਕਾ ਰਾਸ਼ਨ ਇਨ੍ਹਾਂ ਨੂੰ ਨਾਲ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਮੂਹ ਝਾਰਖੰਡ ਦੇ ਨਾਗਰਿਕਾਂ ਨੂੰ ਇਥੋ ਰਵਾਨਾ ਕੀਤਾ ਅਤੇ ਉਨ੍ਹਾਂ ਦੇ ਚੰਗੇ ਸਫਰ ਲਈ ਸੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਰਫਿਊ ਤੇ ਲਾਕਡਾਊਨ ਕਾਰਨ ਆਪਣੇ ਘਰ ਵਾਪਸ ਜਾ ਰਹੇ ਹਨ ਅਤੇ ਜਦੋਂ ਵੀ ਹਾਲਾਤ ਆਮ ਵਰਗੇ ਹੋ ਗਏ ਤਾਂ ਉਹ ਵਾਪਸ ਫਰੀਦਕੋਟ ਆ ਕੇ ਆਪਣੇ ਕੰਮ ਕਾਰ ਵਿਚ ਫਿਰ ਜੁਟ ਜਾਣਗੇ।ਮਜਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਰਾਜ ਵਿਚ ਭੇਜਣ ਅਤੇ ਉਨ੍ਹਾਂ ਨੂੰ ਸਫਰ ਦੀਆਂ ਹੋਰ ਸੁੱਖ ਸਹੂਲਤਾਂ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਤੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਫਰੀਦਕੋਟ ਦੇ ਐਸ ਡੀ ਐਮ ਪਰਮਦੀਪ ਸਿੰਘ,ਜੀ ਏ ਸ੍ਰੀ ਤਰਸੇਮ ਚੰਦ,ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਅਤੇ ਨਾਇਬ ਤਹਿਸੀਲਦਾਰ ਅਨਿਲ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਹਾਜ਼ਰ ਸਨ।