ਅਸ਼ੋਕ ਵਰਮਾ
ਬਠਿੰਡਾ, 2 ਮਈ 2020 - ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਅਤੇ ਪਨੀਰੀ ਦੀ ਬਿਜਾਈ ’ਚ ਦੇਰੀ ਕਰਨ ਦੇ ਜਾਰੀ ਫਰਮਾਨਾਂ ਤੋਂ ਕਿਸਾਨ ਕਸੂਤੇ ਫਸ ਗਏ ਹਨ। ਕੋਰੋਨਾ ਵਾਇਰਸ ਕਾਰਨ ਮੰਡੀਆਂ ਦਾ ਸੀਜ਼ਨ ਲੰਬਾ ਚੱਲਣ ਕਰਕੇ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ। ਹੁਣ ਕਿਸਾਨ ਧਿਰਾਂ ਨੇ ਸਰਕਾਰੀ ਫੈਸਲੇ ਦਾ ਤਿੱਖਾ ਨੋਟਿਸ ਲੈਂਦਿਆਂ ਅਗਲੀ ਰਣਨੀਤੀ ਘੜਨ ਦੇ ਸੰਕੇਤ ਦਿੱਤੇ ਹਨ। ਸਰਕਾਰ ਨੇ ਝੋਨਾ ਲਾਉਣ ਲਈ 15 ਜੂਨ ਨਿਰਧਾਰਤ ਕੀਤੀ ਹੋਈ ਹੈ ਜੋ ਕਿਸਾਨਾਂ ਨੂੰ ਵਾਰਾ ਨਹੀਂ ਖਾਂਦੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਕੇ ਝੋਨਾ ਲਾਉਣ ਦੀ ਤਰੀਕ 1 ਜੂਨ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸਾਲ 2009 ’ਚ ਇਹ ਤਰੀਕ 10 ਜੂਨ ਮਿਥੀ ਸੀ ਜੋਕਿ ਮਈ 2014 ’ਚ 15 ਜੂਨ ਕਰ ਦਿੱਤੀ ਸੀ ਜਦੋਂ ਕਿ ਕਿਸਾਨ ਝੋਨਾ ਲਾਉਣ ਦੀ ਤਰੀਕ 5ਜੂਨ ਕਰਨ ਦੀ ਮੰਗ ਕਰ ਰਹੇ ਸਨ । ਉਸ ਮਗਰੋਂ ਖੇਤੀਬਾੜੀ ਵਿਭਾਗ ਨੇਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ-ਵਾਟਰ ਐਕਟ 2009 (ਪੰਜਾਬ ਐਕਟ ਨੰਬਰ6ਆਫ2009) ਤਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਸਰਕਾਰ ਨੇ ਝੋਨਾ ਲਾਉਣ ਦੀ ਤਰੀਕ 20 ਜੂਨ ਇਸ ਕਰਕੇ ਮਿੱਥੀ ਸੀ ਕਿਉਂਕਿ ਅਗੇਤੇ ਝੋਨੇ ਨੂੰ ਜ਼ਿਆਦਾ ਪਾਣੀ ਲਾਉਣਾ ਪੈਂਦਾ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਦੇ ਪਹਿਲੇ ਫੈਸਲਿਆਂ ਨਾਲ ਵੀ ਪੰਜਾਬ ’ਚ ਸਥਿਤੀ ਨੂੰ ਕੋਈ ਮੋੜਾ ਨਹੀਂ ਪਿਆ ਹੈ,ਉਲਟਾ ਮੌਜੂਦਾ ਮਹੌਲ ’ਚ ਕਿਸਾਨਾਂ ਲਈ ਮੁਸ਼ਕਲਾਂ ਜਰੂਰ ਵਧ ਜਾਣੀਆਂ ਹਨ।
ਗੌਰਤਲਬ ਹੈ ਕਿ ਪਨੀਰੀ ਬੀਜਣ ਤੇ ਝੋਨਾ ਲਾਉਣ ‘ਚ 30 ਤੋਂ 35 ਦਿਨ ਦਾ ਵਕਫ਼ਾ ਹੁੰਦਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ 15ਜੂਨ ਤੋਂ ਝੋਨੇ ਦੀ ਲਵਾਈ ਇਕੱਠੀ ਸ਼ੁਰੂ ਹੁੰਦੀ ਹੈ ਤਾਂ ਮਜ਼ਦੂਰਾਂ ਦੀ ਘਾਟ ਨਾਲ ਹੀ ਨਹੀਂ ਜੂਝਣਾ ਪੈਣਾ ਸਗੋਂ ਅਗੇਤੀ ਝੋਨਾ ਲਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ । ਪਤਾ ਲੱਗਿਆ ਹੈ ਕਿ ਖੇਤੀ ਮਾਹਿਰ 1200 ਐਮ.ਐਮ ਬਾਰਿਸ਼ ਹੋਣ ਵਾਲੇ ਖਿੱਤੇ ਨੂੰ ਝੋਨੇ ਦੀ ਕਾਸ਼ਤ ਲਈ ਸਹੀ ਮੰਨਦੇ ਹਨ। ਜਦੋਂ ਪੰਜਾਬ ’ਚ ਝੋਨੇ ਦੀ ਬਿਜਾਈ ਦਾ ਰੁਝਾਨ ਸ਼ੁਰੂ ਹੋਇਆ ਸੀ ਤਾਂ ਉਸ ਵਕਤ 550 ਐਮ ਐਮ ਬਾਰਸ਼ ਪੈਂਦੀ ਸੀ ਜੋਕਿ ਹੁਣ ਕਾਫੀ ਘਟ ਗਈ ਹੈ। ਅਹਿਮ ਤੱਥ ਇਹ ਹੈ ਕਿ ਮੌਸਮ ਵਿਭਾਗ ਵੱਲੋਂ ਮਾਨਸੂਨ ਦੇ ਬਹੁਤ ਜਿਆਦਾ ਤਕੜੀ ਰਹਿਣ ਦੀ ਭਵਿੱਖਬਾਣੀ ਵੀ ਨਹੀਂ ਕੀਤੀ ਹੈ ਜਿਸ ਕਰਕੇ ਵੀ ਕਿਸਾਨਾਂ ਚਿੰਤਤ ਹਨ।
ਕਿਸਾਨਾਂ ਦਾ ਖਿਆਲ ਰੱਖਣਾ ਜਰੂਰੀ:ਯਾਤਰੀ
ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਲਈ ਕੋਈ ਕਿਸਾਨ ਪੱਖੀ ਫੈਸਲਾ ਨਾਂ ਕਰਕੇ ਸਰਕਾਰ ਨੇ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ। ਉਨਾਂ ਕਿਹਾ ਕਿ ਸਰਕਾਰ ਨੇ ਪਨੀਰੀ ਦੀ ਬਿਜਾਈ ਅਤੇ ਝੋਨੇ ਦੀ ਲਵਾਈ ਸਬੰਧੀ ਕੋਈ ਠੋਸ ਯੋਜਨਾਬੰਦੀ ਤਾਂ ਕੀਤੀ ਨਹੀਂ ਹੈ । ਉਨਾਂ ਆਖਿਆ ਕਿ ਝੋਨੇ ਦੀ ਲਵਾਈ ਵਿੱਚ ਜ਼ਿਆਦਾ ਦੇਰੀ ਹੋਣ ਕਾਰਨ ਝੋਨਾ ਅਕਤੂਬਰ ਤੱਕ ਪਕਦਾ ਨਹੀਂ ਤੇ ਨਮੀ ਦੀ ਮਾਤਰਾ ਵੀ ਵੱਧ ਜਾਂਦੀ ਹੈ ਜਿਸ ਨੂੰ ਵੇਚਣ ਲਈ ਕਿਸਾਨਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਬਿਨਾਂ ਸ਼ੱਕ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਗੰਭੀਰ ਸਮੱਸਿਆ ਹੈ ਪਰ ਕਿਸਾਨਾਂ ਦਾ ਖ਼ਿਆਲ਼ ਰੱਖਣਾ ਵੀ ਜ਼ਰੂਰੀ ਹੈ ।
ਝੋਨਾ ਲਾਉਣ ਲਈ ਸਰਕਾਰ ਪਹਿਲੀ ਜੂਨ ਮਿਥੇ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਜੇਕਰ ਕਿਸਾਨ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਦੇ ਹਨ ਤਾਂ ਤਾਜਾ ਹਾਲਾਤਾਂ ਦਰਮਿਆਨ ਇਹ ਕੰਮ ਜੁਲਾਈ ਦੇ ਅੰਤ ਤੱਕ ਚਲਾ ਜਾਵੇਗਾ। ਉਨਾਂ ਦੱਸਿਆ ਕਿ ਇਸ ਤਰਾਂ ਫ਼ਸਲ ਪੱਕਣ ਵਿੱਚ ਦੇਰੀ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਉਨਾਂ ਸਰਕਾਰ ਤੋਂ ਇਸ ਫ਼ੈਸਲੇ ‘ਤੇ ਮੁੜ ਤੋਂ ਗੌਰ ਕਰਨ ਦੀ ਮੰਗ ਕਰਦਿਆਂ ਝੋਨਾਂ ਲਾਉਣ ਦੀ ਤਰੀਕ 1 ਜੂਨ ਕਰਨ ਦੀ ਅਪੀਲ ਕੀਤੀ ਹੈ । ਉਨਾਂ ਦੱਸਿਆ ਕਿ ਅੱਜ ਵੱਖ ਵੱਖ ਮੰਗਾਂ ਨੂੰ ਲੈਕੇ ਅਫਸਰਾਂ ਨਾਲ ਮੀਟਿੰਗ ਕੀਤਤੀ ਸੀ ਤੇ ਮੰਗ ਪੱਤਰ ਵੀ ਦਿੱਤਾ ਗਿਆ ਹੈ।
ਸਰਕਾਰ ਬਾਰਦਾਨੇ ਦਾ ਪ੍ਰਬੰਧ ਕਰਦੀ
ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦਾ ਕਹਿਣਾ ਸੀ ਕਿ ਬਠਿੰਡਾ ਜ਼ਿਲੇ ਦੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਚੁਕਾਈ ਦਾ ਕੰਮ ਕੀੜੀ ਚਾਲ ਚੱਲ ਰਿਹਾ ਹੈ। ਇਸ ਕਰਕੇ ਮੰਡੀਆਂ ਕਣਕ ਦੀ ਫਸਲ ਨਾਲ ਨੱਕੋਂ ਨੱਕ ਭਰ ਗਈਆਂ ਹਨ ਜਿਸ ਕਾਰਨ ਕਿਸਾਨਾਂ ਦੀ ਸਿਰਦਰਦੀ ਵਧ ਗਈ ਹੈ। ਉਨਾਂ ਕਿਹਾ ਕਿ ਖਰੀਦ ਕੇਂਦਰਾਂ ਵਿੱਚ ਲੱਖਾਂ ਬੋਰੀ ਕਣਕ ਬਾਰਦਾਨੇ ਤੋਂ ਬਿਨਾਂ ਪਈ ਹੈ। ਉਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਬਾਰਦਾਨੇ ਦੇ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸਨ। ਉਨਾਂ ਕਿਹਾ ਕਿ ਜੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਝੱਲਣੀ ਪਈ ਤਾਂ ਉਹ ਸੜਕਾਂ ’ਤੇ ਉਤਰ ਸਕਦੇ ਹਨ।