ਅਸ਼ੋਕ ਵਰਮਾ
ਬਠਿੰਡਾ, 12 ਮਈ 2020 - ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਹਾਦੁਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਵਾਰ ਲੇਬਰ ਦੀ ਸਮੱਸਿਆ ਨੂੰ ਦੇਖਦੇ ਹੋਏ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬੀਜਾਈ ਦਾ ਰੁਝਾਨ ਵਧਿਆ ਹੈ। ਝੋਨੇ ਦੀ ਸਿੱਧੀ ਬੀਜਾਈ ਨਾਲ ਜਿੱਥੇ ਲਗਭਗ 6000/- ਦੇ ਕਰੀਬ ਖਰਚਾ ਘੱਟ ਹੁੰਦਾ ਹੈ, ਉੱਥੇ ਪਾਣੀ ਦੀ ਬਹੁਤ ਵੱਡੀ ਮਾਤਰਾ ਵਿੱਚ ਬੱਚਤ ਹੁੰਦੀ ਹੈ ਕਿਉਂਕਿ ਪਨੀਰੀ ਪੁੱਟ ਕੇ ਲਾਉਣ ਨਾਲ ਕੱਦੂ ਕਰਨ ਵੇਲੇ ਹੀ 20-30 ਫੀਸਦੀ ਪਾਣੀ ਲੱਗ ਜਾਂਦਾ ਹੈ ਜਦ ਕਿ ਸਿੱਧੀ ਬੀਜਾਈ ਵਿੱਚ ਇਸਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਲੇਬਰ ਦੀ ਲੋੜ ਪੈਂਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਸਿੱਧੀ ਬੀਜਾਈ ਕਰਨ ਵੇਲੇ ਕਿਸਾਨਾਂ ਨੂੰ ਦੋ ਗੱਲਾਂ ਪ੍ਰਤੀ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਸਿੱਧੀ ਬੀਜਾਈ ਦੀ ਕਾਮਯਾਬੀ ਲਈ ਬੀਜਾਈ ਸਿਰਫ਼ ਦਰਮਿਆਨੀ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰੋ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬੀਜਾਈ ਬਿਲਕੁਲ ਨਾ ਕਰੋ ਕਿਉਂਕਿ ਇਸ ਨਾਲ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਬਹੁਤ ਘੱਟ ਜਾਂਦਾ ਹੈ। ਦੂਸਰੀ ਨਦੀਨਾਂ ਦੀ ਰੋਕਥਾਮ ਲਈ ਬੀਜਾਈ ਤੋਂ 2 ਦਿਨਾਂ ਦੇ ਅੰਦਰ 1.0 ਲਿਟਰ ਪ੍ਰਤੀ ਏਕੜ ਸਟੌਪ 30 ਈ.ਸੀ. ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ। ਬੀਜਾਈ ਤੋਂ ਬਾਅਦ ਜੇ 20-25 ਦਿਨ ਬਾਅਦ ਫ਼ਸਲ ਵਿੱਚ ਸਵਾਂਖ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿਲੀ/ ਏੇਕੜ ਨੋਮਨੀ ਗੋਲਡ 100 ਲੀਟਰ ਪਾਣੀ ਵਿੱਚ ਸਪਰੇ ਕਰੋੇ। ਬੀਜਾਈ ਲਈ ਬੀਜ 8-10 ਕਿਲੋ ਪ੍ਰਤੀ ਏਕੜ ਵਰਤੋ। ਕਤਾਰਾਂ ਵਿੱਚ 8 ਇੰਚ ਦਾ ਫਾਸਲਾ ਰੱਖੋ ਅਤੇ ਬੀਜਾਈ ਸੁੱਕੇ ਖੇਤ ਵਿੱਚ ਕਰਕੇ ਪਾਣੀ ਲਾਉ ਜਾਂ ਰੌਣੀ ਕਰਕੇ ਵੱਤਰ ਆਉਣ ਤੇ ਬੀਜੋ।