ਅਸ਼ੋਕ ਵਰਮਾ
ਬਠਿੰਡਾ, 10 ਮਈ 2020 - ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਝੋਨੇ ਦੀ ਲਵਾਈ ਸਬੰਧੀ ਜਾਰੀ ਆਦੇਸ਼ਾਂ ਤੇ ਉਂਗਲ ਚੁੱਕਦਿਆਂ ਕਿਹਾ ਕਿ ਕਿਸਾਨਾਂ ਨੂੰ 10 ਦਿਨ ਦੀ ਛੋਟ ਦਿੱਤੀ ਗਈ ਹੈ ਜਦੋਂਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਤੇ ਕੋਈ ਬੰਦਸ਼ ਨਹੀਂਹੈ। ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸਦੋਹਾ ਅਤੇ ਰੇਸ਼ਮ ਸਿੰਘ ਯਾਤਰੀ ਨੇਂ ਦੱਸਿਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਢੰਡੋਰਾ ਪਿੱਟ ਰਹੀ ਹੈ ਕਿ ਕਿਸਾਨ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ , ਸਰਕਾਰ ਹਰ ਤਰਾਂ ਲਈ ਵਚਨਬੱਧ ਹੈ, ਦੂਜੇ ਪਾਸੇ ਕਿਸਾਨਾਂ ਨੂੰ ਕਣਕ ਦੀ ਫਸਲ ਵੇਚਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੰਨਾਂ ’ਚ ਬਰਦਾਨਾ ਅਤੇ ਸਮੇਂ ਤੇ ਅਦਾਇਗੀ ਨਾਂ ਹੋਣਾ ਸ਼ਾਮਲ ਹੈ।
ਉਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦਾ ਝਾਂਸਾ ਦੇ ਕੇ 10 ਜੂਨ ਤੈਅ ਕੀਤੀ ਹੈ ਪਰ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ ਖੇਤੀ ਮੋਟਰਾਂ ਲਈ ਬਿਜਲੀ ਦੀ ਅੱਜ ਲੋੜ ਹੈ ਜਦੋਂ ਕਿ ਸਰਕਾਰ ਨੇ ਮਿਥੀ ਤਰੀਕ ਤੋਂ ਪਹਿਲਾਂ ਬਿਜਲੀ ਨਹੀਂ ਦੇਣੀ ਹੈ। ਉਨਾਂ ਕਿਹਾ ਕਿ ਸਿੱਧੀ ਬਿਜਾਈ ਲਈ ਸਮਾਂ ਨਹੀਂ ਰਹਿਣਾ ਕਿਉਂਕਿ ਲੇਬਰ ਦੀ ਬਹੁਤ ਵੱਡੀ ਸਮੱਸਿਆ ਆਉਣੀ ਹੈ। ਉਨਾਂ ਮੰਗ ਕੀਤੀ ਕਿ 10 ਜੂਨ ਨੂੰ ਰੱਦ ਕਰ ਕੇ ਝੋਨੇ ਦੀ ਲਵਾਈ ਲਈ ਖੁੱਲ ਦਿੱਤੀ ਜਾਵੇ, ਤਾਂ ਜੋ ਕਿਸਾਨ ਨੂੰ ਝੋਨੇ ਦੇ ਸੀਜਨ ਦੌਰਾਨ ਕੋਈ ਦਿੱਕਤ ਨਾਂ ਆਵੇ। ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਵੇਂ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਸਰਕਾਰ ਨੇ ਤੰਗ ਪ੍ਰੇਸ਼ਾਨ ਕੀਤਾ ਤਾਂ ਮਜਬੂਰੀ ਵੱਸ ਜਥੇਬੰਦੀ ਨੂੰ ਸੰਘਰਸ਼ ਕਰਨਾ ਪਵੇਗਾ।