ਬਠਿੰਡਾ ਟਰੈਫਿਕ ਪੁਲਿਸ ਵੱਲੋਂ ਬਾਦਲਾਂ ਦੀ ਬੱਸ ਦਾ ਚਲਾਨ
ਅਸ਼ੋਕ ਵਰਮਾ
ਬਠਿੰਡਾ,11ਜੂਨ। ਬਠਿੰਡਾ ਟਰੈਫਿਕ ਪੁਲੀਸ ਨੇ ਸਰਕਾਰੀ ਆਦੇਸ਼ਾਂ ਤੋਂ ਜਿਆਦਾ ਸਵਾਰੀਆਂ ਬਿਠਾਉਣ ਦੇ ਮਾਮਲੇ ਅੱਜ ਬਾਦਲ ਪ੍ਰੀਵਾਰ ਦੀ ਮਾਲਕੀ ਵਾਲੀ ਬੱਸ ਨੰਬਰ ਪੀਬੀ 93 ਏ ਵਾਈ 0114 ਦਾ ’ਚ ਚਲਾਨ ਕੱਟ ਦਿੱਤਾ ਹੈ। ਟਰੈਫਿਕ ਪੁਲਿਸ ਅਧਿਕਾਰੀ ਆਖਦੇ ਹਨ ਕਿ ਬੱਸ ਦੇ ਡਰਾਈਵਰ ਅੇ ਕੰਡਕਟਰ ਵੱਲੋਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕੀਤੀ ਜੋ ਕਾਰਵਾਈ ਦਾ ਕਾਰਨ ਬਣੀ ਹੈ। ਆਮ ਹਾਲਾਤਾਂ ਦੌਰਾਨ ਬੱਸ 52 ਸਵਾਰੀਆਂ ਲਈ ਪਾਸ ਹੁੰਦੀ ਹੈ ਜਦੋਂਕਿ ਓਵਰਲੋਢ ਹੋਣਾ ਸਧਾਰਨ ਜਿਹੀ ਗੱਲ ਹੁਦੀ ਹੈ। ਹੁਣ ਜਦੋਂ ਸਮੁੱਚਾ ਵਿਸ਼ਵ ਕਰੋਨਾ ਵਾਇਰਸ ਵਰਗੇ ਗੰਭੀਰ ਖਤਰੇ ਚੋਂ ਲੰਘ ਰਿਹਾ ਹੈ ਤਾਂ ਸਰਕਾਰ ਨੇ ਇਸ ਲਾਗ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੁੱਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ।
ਪੰਜਾਬ ’ਚ ਬੱਸ ਸੇਵਾ ਚਲਾਉਣ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ ਆਖਿਆ ਗਿਆ ਸੀ ਕਿ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਨੂੰ ਚਲਾਉਣ ਮੌਕੇ ਕੋਵਿਡ ਨਿਯਮਾਂ ਦੀ ਮੁਕੰਮਲ ਪਾਲਣਾ ਕਰਨੀ ਹੋਵੇਗੀ। ਜਾਣਕਾਰੀ ਅਨੁਸਾਰ ਅੱਜ ਬਠਿੰਡਾ ਆ ਰਹੀ ਇਸ ਬੱਸ ਨੂੰ ਪੁਲਿਸ ਵੱਲੋਂ ਰੋਜ਼ ਗਾਰਡਨ ਕੋਲ ਰੋਕਿਆ ਗਿਆ ਤਾਂ ਇਸ ’ਚ ਕਰੀਬ ਤਿੰਨ ਦਰਜਨ ਸਵਾਰੀਆਂ ਸਨ ਜਦੋਂਕਿ ਕੋਵਿਡ-19 ਦੇ ਨਿਯਮਾਂ ਮੁਤਾਬਕ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਲਈ ਸਿਰਫ 25 ਸਵਾਰੀਆਂ ਹੀ ਬਿਠਾਈਆਂ ਜਾ ਸਕਦੀਆਂ ਹਨ। ਪਤਾ ਲੱਗਿਆ ਹੈ ਕਿ ਇਸ ਮੌਕੇ ਬੱਸ ਸਟਾਫ ਨੇ ਦਲੀਲ ਦਿੱਤੀ ਸੀ ਕਿ ਉਨਾਂ ਕੋਲ ਸਵਾਰੀਆਂ ਪੂਰੀਆਂ ਸਨ ਪਰ ਰਸਤੇ ’ਚ ਕਿਸੇ ਬੱਸ ਦੇ ਖਰਾਬ ਹੋਣ ਕਾਰਨ ਉਨਾਂ ਨੂੰ ਮਜਬੂਰੀ ਵੱਸ ਬਿਠਾਉਣੀਆਂ ਪਈਆਂ ਹਨ। ਟਰੈਫਿਕ ਪੁਲਿਸ ਅਧਿਕਾਰੀਆਂ ਨੇ ਇਸ ਦਲੀਲ ਨੂੰ ਖਾਰਜ ਕਰਦਿਆਂ ਸਰਕਾਰ ਵੱਲੋਂ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਦਾ ਚਲਾਨ ਕਰ ਦਿੱਤਾ।
ਟਰੈਫਿਕ ਪੁਲਿਸ ਦੇ ਇੰਚਾਰਜ ਇੰੰਸਪੈਕਟਰ ਇਕਬਾਲ ਸਿੰਘ ਦਾ ਕਹਿਣਾ ਸੀ ਕਿ ਬੱਸ ’ਚ 35 ਸਵਾਰੀਆਂ ਬੈਠੀਆਂ ਹੋਈ ਸਨ ਜੋਕਿ ਕਾਨੂੰਨ ਮੁਤਾਬਕ ਸਹੀ ਨਹੀ ਹੈ। ਉਨਾਂ ਆਖਿਆ ਕਿ ਸੋਸ਼ਲ ਡਿਸਟੈਂਸ ਦੀ ਪਾਲਣਾ ਨਾ ਕਰਨ ਕਰਕੇ ਬੱਸ ਦਾ ਚਲਾਨ ਕੱਟਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਗਠਜੋੜ ਦੇ ਰਾਜਭਾਗ ’ਚ ਟਰੈਫਿਕ ਪੁਲੀਸ ਬਾਦਲਾਂ ਦੀਆਂ ਬੱਸਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਤ੍ਰਭਕਦੀ ਰਹੀ ਹੈ ਜਦੋਂਕਿ ਬਦਲੇ ਦਿਨਾਂ ’ਚ ਪੁਲਿਸ ਅਧਿਕਾਰੀਆਂ ਨੇ ਵੱਡੇ ਘਰਾਂ ਦੀਆਂ ਬੱਸਾਂ ਨੂੰ ਕਾਨੂੰਨ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ।