ਭੱਤੇ ਦੀ ਮੰਗ ਕਰਦੇ ਪੋਸਟਰ ਲਾਏ
ਅਸ਼ੋਕ ਵਰਮਾ
ਬਠਿੰਡਾ, 26 ਅਪਰੈਲ 2020: ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਆਗੂਆਂ ਨੇ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਦੀ ਮੰਗ ਕਰਨ ਲਈ ਆਪੋ-ਆਪਣੇ ਘਰਾਂ ਦੇ ਦਰਵਾਜ਼ਿਆਂ ‘ਤੇ ਪੋਸਟਰ ਲਾਏ ਹਨ। ਆਗੂਆਂ ਦਾ ਕਹਿਣਾ ਹੈ ਕਿ ਉਨਾਂ ਨੇ ਸਰਕਾਰ ਤੱਕ ਆਪਣੀ ਮੰਗ ਪਹੰਚਾ ਦਿੱਤੀ ਹੈ ਅਤੇ ਢੁੱਕਵਾਂ ਸਮਾਂ ਆਉਣ ਤੇ ਸਰਕਾਰ ਖਿਲਾਫ ਮੋਰਚਾ ਲਾਇਆ ਜਾਏਗਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਸੂਬਾ ਕਮੇਟੀ ਮੈਂਬਰ ਤਜਿੰਦਰ ਬਠਿੰਡਾ, ਯੁੱਧਜੀਤ ਸਿੰਘ, ਹਰਦੀਪ ਫਾਜ਼ਿਲਕਾ, ਅਮਨ ਸੇਖ਼ਾ, ਮਨਜੀਤ ਕੌਰ, ਰਣਬੀਰ ਨਦਾਮਪੁਰ, ਰਾਜਵਿੰਦਰ ਕੌਰ ਨੇ ਕਿਹਾ ਕਿ ਕਰੋਨਾ-ਸੰਕਟ ‘ਚ ਬੇਰੁਜ਼ਗਾਰ ਅਧਿਆਪਕਾਂ ਲਈ ਆਪਣੇ ਘਰਾਂ ਦਾ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਉਨਾਂ ਦੱਸਿਆ ਕਿ ਇਸ ਮਹਾਂਮਾਰੀ ਕਾਰਨ ਹੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ 2182 ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਅੱਗੇ ਪਾ ਦਿੱਤੀ ਗਈ ਹੈ। ਅਜਿਹੇ ਦੌਰ ‘ਚ ਕੇਂਦਰ ਅਤੇ ਰਾਜ ਸਰਕਾਰਾਂ ਜਿੱਥੇ ਵੱਖ-ਵੱਖ ਵਰਗਾਂ ਨੂੰ ਰਿਆਇਤਾਂ ਅਤੇ ਸਹੂਲਤਾਂ ਦੇ ਰਹੀਆਂ ਹਨ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਬੇਰੁਜ਼ਗਾਰੀ-ਭੱਤੇ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸਾਰੀਆਂ ਵਿਦਿਅਕ ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ ਹੁਣ ਤੱਕ ਉਮੀਦਵਾਰਾਂ ਦਾ ਬੇਰੁਜ਼ਗਾਰ ਰਹਿਣਾ ਸਰਕਾਰਾਂ ਦੀ ਅਸਫਲਤਾ ਹੈ ਇਸ ਲਈ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ 2017 ਦੀਆਂ ਵਿਧਾਨ-ਸਭਾ ਚੋਣਾਂ ਮੌਕੇ ਕੀਤੇ ਵਾਅਦੇ ਮੁਤਾਬਕ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣਾ ਸ਼ੁਰੂ ਕਰੇ। ਜਦੋਂਕਿ ਕਰੋਨਾ-ਸੰਕਟ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਬੇਰੁਜ਼ਗਾਰ ਨੌਜਵਾਨਾਂ ਨੂੰ 10 ਹਜ਼ਾਰ ਰੁਪਏ ਵਿਸ਼ੇਸ਼-ਗੁਜ਼ਾਰਾ ਭੱਤਾ ਦਿੱਤਾ ਜਾਣਾ ਚਾਹੀਦਾ ਹੈ। ਆਗੂਆਂ ਨੇ ਮੰਗ ਕੀਤੀ ਕਿ 2182 ਅਸਾਮੀਆਂ ਅਧੀਨ ਕੱਢੀਆਂ ਸਮਾਜਿਕ ਸਿੱਖਿਆ ਦੀਆਂ 52, ਹਿੰੰਦੀ ਦੀਆਂ 40 ਅਤੇ ਪੰੰਜਾਬੀ ਦੀਆਂ 60 ਅਸਾਮੀਆਂ ਵਾਧਾਈਆਂ ਜਾਣ ਅਤਤੇ ਟੈਸਟ ਪਾਸ ਕਰਨ ਦੇ ਬਾਵਜੂੂੂਦ ਹੁਣ ਤੱੱਕ ਭਰਤੀ ਨਾ ਹੋ ਸਕੇ ਉਮੀਦਵਾਰਾਂ ਲਈ ਉਮਰ ਹੱਦ 37 ਤੋਂ ਵਧਾ ਕੇੇ 42 ਸਾਲ ਕੀਤੀ ਜਾਵੇ।