ਫਿਰੋਜ਼ਪੁਰ 21 ਅਪ੍ਰੈਲ 2020 : ਫਿਰੋਜ਼ਪੁਰ ਦੇ ਕਸਬਾ ਮੱਖੂ ਅਧੀਨ ਪੈਂਦੇ ਪਿੰਡ ਕਿਲੀ ਬੌਦਲਾਂ ਵਿਚ ਕੋਰੋਨਾ ਦੇ ਕਾਰਨ ਲੱਗੇ ਠੀਕਰੀ ਪਹਿਰੇ ਦੌਰਾਨ ਬਾਹਰੋਂ ਆਏ ਕੁਝ ਨੌਜਵਾਨਾਂ ਵੱਲੋਂ ਚਲਾਈ ਗੋਲੀ ਵਿਚ ਪਿੰਡ ਦੇ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ।
ਥਾਣਾ ਮੱਖੂ ਅਧੀਨ ਪੈਂਦੇ ਪਿੰਡ ਕਿਲੀ ਬੌਦਲਾਂ ਵਿਚ ਕੋਰੋਨਾ ਵਾਇਰਸ ਦੇ ਕਾਰਨ ਇੱਕ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਕੁਆਰਨਟਾਈਨ ਕੀਤਾ ਗਿਆ ਸੀ। ਹਦਾਇਤਾਂ ਅਨੁਸਾਰ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਦੀ ਫਰਨੀ 'ਤੇ ਪਹਿਰਾ ਲਗਾਇਆ ਗਿਆ ਸੀ ਕਿ ਕੋਈ ਪਿੰਡ ਦੇ ਅੰਦਰ ਨਾ ਵੜ ਸਕੇ ਅਤੇ ਨਾ ਹੀ ਬਾਹਰ ਜਾ ਸਕੇ।। ਲਗਾਏ ਗਏ ਇਸ ਪਹਿਰੇ ਦੌਰਾਨ ਬਾਹਰੋਂ ਆਏ ਕੁਝ ਅਣਪਛਾਤੇ ਕਾਰ ਸਵਾਰ ਨੌਜਵਾਨਾਂ ਨੂੰ ਰੋਕਣ 'ਤੇ ਵਿਵਾਦ ਹੋ ਗਿਆ। ਜਿਸ 'ਤੇ ਕਾਰ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਠੀਕਰੀ ਪਹਿਰੇ 'ਤੇ ਤੈਨਾਤ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਨੌਜਵਾਨਾ ਨੂੰ ਪਹਿਲਾਂ ਸਰਕਾਰੀ ਅਤੇ ਫਿਰ ਮੋਗਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਇੱਕ ਨੌਜਵਾਨ ਜੱਜ ਸਿੰਘ (28) ਦੀ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਦਾਖ਼ਲ ਹੈ।
ਮ੍ਰਿਤਕ ਜੱਜ ਸਿੰਘ ਦੇ ਪਿਤਾ ਅਜੈਬ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਜੱਜ ਸਿੰਘ ਵਿਆਇਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਬਾਪ ਸੀ ਅਤੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਠੀਕਰੀ ਪਹਿਰੇ 'ਤੇ ਡਿਊਟੀ ਦੇ ਰਿਹਾ ਸੀ ਉਸ ਦਾ ਕੀ ਕਸੂਰ ਸੀ? ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਮੱਖੂ ਦੇ ਐੱਸ ਐੱਚ ਓ ਬਚਨ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਆਰੰਭ ਦਿੱਤੀ ਹੈ, ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।