ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 15 ਅਪ੍ਰੈਲ 2020 - ਠੀਕਰੀ ਪਹਿਰੇ ਕੋਰੋਨਾ ਵਾਈਰਸ ਨਾਲ ਲੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ ਕਿਉਕਿ ਪਿੰਡ ਪੱਧਰ ਤੇ ਬਣੇ ਚੌਕਸੀ ਕਰਨ ਵਾਲੇ ਸਮੂਹ ਬਾਹਰੀ ਲੋਕਾਂ ਦੇ ਪਿੰਡ ਵਿੱਚ ਦਾਖਲੇ 'ਤੇ ਪੈਣੀ ਨਜ਼ਰ ਰੱਖ ਰਹੇ ਹਨ ਅਤੇ ਪ੍ਰਸ਼ਾਸਨ ਲਈ ਮਦਦਗਾਰ ਸਾਬਿਤ ਹੋ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਕਨੂ ਗਰਗ ਨੇ ਦੱਸਿਆ ਕਿ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ। ਉਨ੍ਹਾ ਦੱਸਿਆ ਕਿ ਬਹੁਤ ਸਾਰੇ ਪਿੰਡਾਂ ਵਿੱਚ ਸਰਪੰਚਾਂ ਅਤੇ ਯੂਥ ਕਲੱਬਾਂ ਨੇ ਐਂਟਰੀ ਪੁਆਇੰਟ ਤੇ ਨਾਕੇ ਲਗਾਏ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਕੋਈ ਵੀ ਬਾਹਰਲਾ ਵਿਅਕਤੀ ਪਿੰਡ ਵਿੱਚ ਦਾਖਲ ਨਾ ਹੋਵੇ ਅਤੇ ਕੋਈ ਵੀ ਅੰਦਰ ਤੋ ਬਾਹਰ ਨਾ ਜਾਵੇ। ਜਰੂਰੀ ਵਸਤਾਂ ਜਿਵੇ ਕਿ ਸਬਜ਼ੀਆਂ, ਦੁੱਧ, ਕਰਿਆਨੇ ਅਤੇ ਦਵਾਈਆਂ ਦੀ ਸਪੁਰਦਗੀ ਦੇ ਮਾਮਲੇ ਵਿੱਚ, ਇਜਾਜਤ ਦੇ ਮਾਮਲੇ ਵਿੱਚ ਇਜਾਜਤ ਲੈ ਕੇ ਜਾਣ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਨਾਲ ਹੀ ਸੈਨੇਟਾਈਜੇਸ਼ਨ ਮੁਹਿੰਮ ਵੀ ਨਿਯਮਤ ਅੰਤਰਾਲਾਂ ਤੇ ਚਲਾਈ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਈਰਸ ਨੂੰ ਫੈਲਣ ਤੋ ਰੋਕਿਆ ਜਾ ਸਕੇ। ਐਸ.ਡੀ.ਐਮ. ਨੇ ਇਹ ਵੀ ਦੱਸਿਆ ਕਿ ਅਜਿਹੀਆਂ ਪਹਿਲਕਦਮੀਆਂ ਪ੍ਰਸ਼ਾਸ਼ਨ ਦੀ ਤੀਜੀ ਅੱਖ ਵਜੋ ਕੰਮ ਕਰ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਰੋਨਾ ਵਾਈਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਗਿਆ ਹੈ।