ਅਸ਼ੋਕ ਵਰਮਾ
ਗ੍ਰਿਫਤਾਰ ਮਜ਼ਦੂਰਾਂ ਨੂੰ ਰਿਹਾਅ ਕਰਨ ਤੇ ਦੋਸ਼ੀਆਂ ’ਤੇ ਕਾਰਵਾਈ ਦੀ ਮੰਗ
ਬਠਿੰਡਾ, 23 ਅਪ੍ਰੈਲ 2020 - ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂ ਵਾਲੀ ਵਿਖੇ ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋਂ ਭਾਰੀ ਪੁਲਿਸ ਨਫ਼ਰੀ ਦੇ ਜ਼ੋਰ ਪਿੰਡ ਨੂੰ ਸੀਲ ਕਰਕੇ ਉੱਥੋਂ ਦੇ ਦਲਿਤ ਪਰਿਵਾਰਾਂ ’ਤੇ ਢਾਹੇ ਅੰਨੇ ਤਸ਼ਦੱਦ ਅਤੇ 50 ਵਿਅਕਤੀਆਂ ’ਤੇ ਝੂਠਾ ਕੇਸ ਦਰਜ ਕਰਕੇ ਇੱਕ ਨਾਬਾਲਗ ਸਮੇਤ 24 ਮਜ਼ਦੂਰਾਂ ਨੂੰ ਇਰਾਦਾ ਕਤਲ ਵਰਗੀਆਂ ਸੰਗੀਨ ਧਰਾਵਾਂ ਮੜਕੇ ਜੇਲ ’ਚ ਡੱਕਣ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸਖ਼ਤ ਨਿਖੇਧੀ ਕਰਦਿਆਂ ਦੋਸ਼ੀ ਅਧਿਕਾਰੀਆਂ ’ਤੇ ਮੁਕੱਦਮੇ ਦਰਜ ਕਰਕੇ ਸਖਤ ਕਾਰਵਾਈ ਕਰਨ ਤੇ ਗਿ੍ਰਫਤਾਰ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਦੋਹਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਲਛਮਣ ਸਿੰਘ ਸੇਵੇਵਾਲਾ ਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਾਰੀ ਕੀਤੇ ਬਿਆਨ ਰਾਹੀਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਦਲਿਤ ਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ, ਕਰੋਨਾ ਸਬੰਧੀ ਟੈਸਟ ਕਰਨ, ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੋਰਨਾਂ ਬਿਮਾਰੀਆਂ ਤੋਂ ਪੀੜਤ ਰੋਗੀਆਂ ਦਾ ਇਲਾਜ ਕਰਨ ਵਰਗੇ ਢੁੱਕਵੇਂ ਕਦਮ ਚੁੱਕਣ ਦੀ ਥਾਂ ਸਿਰਫ਼ ਕਰਫਿਊ ਮੜਕੇ ਲੋਕਾਂ ’ਤੇ ਜਬਰ ਢਾਹੁਣ ਲਈ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ ਹਨ।
ਉਹਨਾਂ ਆਖਿਆ ਕਿ ਪਿੰਡ ਠੂਠਿਆਂਵਾਲੀ ’ਚ ਜਿਵੇਂ ਪਹਿਲਾਂ ਥਾਣੇਦਾਰ ਵੱਲੋਂ ਮਜ਼ਦੂਰਾਂ ਦੇ ਘਰਾਂ ’ਚ ਵੜਕੇ ਲੋਕਾਂ ਨੂੰ ਕੁੱਟਿਆ ਗਿਆ ਤੇ ਬਾਅਦ ’ਚ ਪੁਲਿਸ ਨੇ ਜਿਸ ਤਰਾਂ ਵਿਦੇਸ਼ੀ ਧਾੜਵੀਆਂ ਵਾਂਗ ਦਲਿਤ ਪਰਿਵਾਰਾਂ ’ਤੇ ਹੱਲਾ ਬੋਲਿਆ ਹੈ ਉਸ ਤੋਂ ਸਾਫ਼ ਹੁੰਦਾ ਹੈ ਕਿ ਪੁਲਿਸ ਦੀ ਮਨਸਾ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਦੀ ਥਾਂ ਸਬਕ ਸਿਖਾਉਣ ਦੀ ਹੀ ਸੀ। ਉਨਾਂ ਆਖਿਆ ਕਿ ਪੁਲਿਸ ਤੇ ਪ੍ਰਸਾਸ਼ਨ ਦੀ ਇਸੇ ਨੀਤੀ ਦੀ ਪੁਸ਼ਟੀ ਗਰੀਬ ਲੋਕਾਂ ਲਈ ਪਿੰਡ ’ਚ ਚਲਦਾ ਲੰਗਰ ਬੰਦ ਕਰਾਉਣ ਤੋਂ ਵੀ ਹੋ ਜਾਂਦੀ ਹੈ। ਉਹਨਾਂ ਸਮੂਹ ਸੰਘਰਸ਼-ਸ਼ੀਲ, ਜਮਹੂਰੀ ਤੇ ਇਨਸਾਫ਼ਪਸੰਦ ਜਥੇਬੰਦੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਣਮਨੁੱਖੀ ਕਹਿਰ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ।
ਉਹਨਾਂ ਇਹ ਵੀ ਮੰਗ ਕੀਤੀ ਕਿ ਠੂਠਿਆਂਵਾਲੀ ’ਚ ਪੁਲਿਸ ਜਬਰ ਦਾ ਸ਼ਿਕਾਰ ਸਾਰੇ ਲੋਕਾਂ ਦਾ ਡਾਕਟਰੀ ਇਲਾਜ ਅਤੇ ਮੈਡੀਕਲ ਕਰਵਾਇਆ ਜਾਵੇ, ਪਿੰਡ ਦੀ ਕੀਤੀ ਨਾਕੇਬੰਦੀ ਖਤਮ ਕਰਕੇ ਜਥੇਬੰਦੀਆਂ ਤੇ ਜਮਹੂਰੀ ਹਲਕਿਆਂ ਨੂੰ ਪੀੜਤ ਮਜ਼ਦੂਰਾਂ ਨਾਲ ਮਿਲਣ ਦੀ ਖੁੱਲ ਦਿੱਤੀ ਜਾਵੇ, ਕਰੋਨਾ ਨਾਲ ਨਜਿੱਠਣ ਦੇ ਮਾਮਲੇ ’ਚ ਪੁਲਿਸ ਨੂੰ ਦਿੱਤੀ ਜਿੰਮੇਵਾਰੀ ਵਾਪਸ ਲੈ ਕੇ ਸਿਹਤ ਮਹਿਕਮੇ ਦੇ ਹਵਾਲੇ ਕੀਤੀ ਜਾਵੇ, ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ਲਿਆ ਜਾਵੇ, ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਕਰਮਚਾਰੀਆਂ, ਟਰੇਨਿੰਗ ਲੈ ਰਹੇ ਡਾਕਟਰਾਂ, ਸਟਾਫ਼ ਨਰਸਾਂ ਤੋਂ ਇਲਾਵਾ ਆਰ.ਐਮ.ਪੀ. ਡਾਕਟਰਾਂ ਤੇ ਲੋਕ ਵਲੰਟੀਅਰਾਂ ਨੂੰ ਟਰੇਨਿੰਗ ਦੇ ਕੇ ਘਰ-ਘਰ ਭੇਜਿਆ ਜਾਵੇ, ਕਰੋਨਾ ਸਬੰਧੀ ਵਿਆਪਕ ਟੈਸਟ ਕੀਤੇ ਜਾਣ, ਸਿਹਤ ਕਰਮਚਾਰੀਆਂ ਨੂੰ ਬਚਾਓ ਕਿੱਟਾਂ ਦਿੱਤੀਆਂ ਜਾਣ, ਸਭਨਾਂ ਲੋੜਵੰਦਾਂ ਲਈ ਪੂਰੀ ਮਾਤਰਾ ’ਚ ਰਾਸ਼ਨ ਦਿੱਤਾ ਜਾਵੇ ਅਤੇ ਹੋਰਨਾਂ ਬਿਮਾਰੀਆਂ ਤੋਂ ਪੀੜਤ ਰੋਗੀਆਂ ਦਾ ਸਰਕਾਰੀ ਖਰਚੇ ’ਤੇ ਇਲਾਜ ਕੀਤਾ ਜਾਵੇ।