ਮੋਗਾ, 17 ਅਪਰੈਲ 2020 - ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਗਿੱਲ ਦੇ ਹੁਕਮਾਂ 'ਤੇ ਕਮਿਊਨਿਟੀ ਸਿਹਤ ਕੇਂਦਰ ਡਰੋਲੀ ਭਾਈ ਵਿਖੇ ਕੋਵਿਡ-19 ਆਈਸੋਲੇਸ਼ਨ ਵਾਰਡ ਲੈਵਲ 2 ਦੇ ਨਾਲ-ਨਾਲ ਫਲੂ ਕਾਰਨਰ ਸਥਾਪਿਤ ਕੀਤਾ ਗਿਆ ਹੈ, ਜਿਥੇ ਕੋਵਿਡ-19 ਦੇ ਸ਼ੱਕੀ ਮਰੀਜਾਂ, ਆਮ ਫਲੂ ਦੇ ਮਰੀਜਾਂ ਅਤੇ ਰਲਦੇ-ਮਿਲਦੇ ਲੱਛਣਾ ਵਾਲੇ ਮਰੀਜਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ।
ਸਿਹਤ ਵਿਭਾਗ ਦੇ ਬੁਲਾਰੇ ਤੇ ਬੀ.ਈ.ਈ. ਡਰੋਲੀ ਭਾਈ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਫਲੂ ਕਾਰਨਰ ਕੋਵਿਡ-19 ਦੀ ਇੱਕ ਮਹੱਤਵਪੂਰਨ ਕੜੀ ਹੈ, ਜਿਸ ਤਹਿਤ ਹਪਸਤਾਲ 'ਚ ਆਉਣ ਵਾਲੇ ਫਲੂ, ਆਮ ਖੰਘ ਤੇ ਕੋਵਿਡ-19 ਦੇ ਲੱਛਣਾਂ ਵਾਲੇ ਮਰੀਜਾਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਉਪਰੰਤ ਉਸਦਾ ਇਲਾਜ ਜਾਂ ਟੈਸਟ ਕਰਵਾਏ ਜਾਂਦੇ ਹਨ।
ਡਾ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਰੋਲੀ ਭਾਈ ਨੂੰ ਕੋਵਿਡ-19 ਦਾ ਆਈਸੋਲੇਸ਼ਨ ਹਸਪਤਾਲ ਲੈਵਲ-2 ਬਣਾਇਆ ਗਿਆ ਹੈ, ਜਿਸ ਕਰਕੇ ਇਥੇ ਫਲੂ ਕਾਰਨਰ ਦਾ ਮਹੱਤਵ ਹੋਰ ਵੀ ਵੱਧ ਹੈ। ਉਹਨਾਂ ਕਿਹਾ ਕਿ ਫਲੂ ਕਾਰਨਰ 'ਤੇ ਮੈਡੀਕਲ ਅਫਸਰ ਅਤੇ ਸਹਾਇਕ ਸਟਾਫ ਦੀ ਡਿਊਟੀ ਲਗਾਈ ਗਈ ਹੈ।
ਉਹਨਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਘਰ 'ਚ ਰਹਿਣ ਤੇ ਵਾਰ-ਵਾਰ ਸਾਬਣ-ਪਾਣੀ ਨਾਲ ਹੱਥ ਧੋਣ ਨੂੰ ਤਰਜੀਹ ਦਿੱਤੀ ਜਾਵੇ। ਉਹਨਾਂ ਕਿਹਾ ਬਾਹਰੋਂ ਲਿਆਂਦੀ ਕਿਸੇ ਵੀ ਚੀਜ ਜਿਵੇਂ ਸਬਜੀਆਂ, ਫਲ ਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਨੂੰ ਸਰਫ/ਸਾਬਣ ਦੇ ਘੋਲ 'ਚ ਡਬੋ ਕੇ ਬਾਅਦ 'ਚ ਤਾਜੇ ਪਾਣੀ ਨਾਲ ਧੋ ਲਿਆ ਜਾਵੇ। ਦਰਵਾਜਿਆਂ ਦੇ ਕੁੰਡਿਆਂ ਤੇ ਹੈਂਡਲਾਂ ਨੂੰ ਵਾਰ-ਵਾਰ ਸਰਫ/ਸਾਬਣ, ਹੈਂਡ ਸੈਨੇਟਾਈਜ਼ਰ ਆਦਿ ਨਾਲ ਰੋਗਾਣੂੰ ਮੁਕਤ ਕੀਤਾ ਜਾਵੇ। ਉਹਨਾਂ ਕਿਹਾ ਕਿ ਬਜੁਰਗਾਂ ਤੇ ਬਿਮਾਰਾਂ ਦਾ ਖਾਸ ਖਿਆਲ ਰੱਖਿਆ ਜਾਵੇ।
ਕੈਪਸ਼ਨ: ਡਰੋਲੀ ਭਾਈ ਹਸਪਤਾਲ 'ਚ ਫਲੂ ਕਾਰਨਰ 'ਤੇ ਮਰੀਜਾਂ ਦੀ ਜਾਂਚ ਕਰ ਰਹੇ ਮੈਡੀਕਲ ਅਫਸਰ ਡਾ ਅਰਸ਼ਿਕਾ ਗਰਗ।