← ਪਿਛੇ ਪਰਤੋ
ਚੰਡੀਗੜ੍ਹ, 17 ਅਪ੍ਰੈਲ 2020 - ਪੰਜਾਬ ਸਰਕਾਰ ਨੇ ਤਾਲਾਬੰਦੀ ਦੌਰਾਨ ਜਨਤਕ ਮਹੱਤਵ ਦੇ ਵੱਖ-ਵੱਖ ਡਾਕਟਰੀ ਅਤੇ ਜ਼ਰੂਰੀ ਸੇਵਾਵਾਂ ਸਬੰਧੀ ਮੁੱਦਿਆਂ ਦੇ ਸਮੇਂ ਸਿਰ ਅਤੇ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਟੋਲ-ਫ੍ਰੀ ਹੈਲਪਲਾਈਨ ਨੰਬਰਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਵਿਡ -19 ਕੰਟਰੋਲ ਰੂਮ ਦੇ ਸਟੇਟ ਹੈਡ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਕਾਨੂੰਨ ਅਤੇ ਵਿਵਸਥਾ ਨਾਲ ਸਬੰਧਤ ਮੁੱਦੇ ਜਾਂ ਸਿ਼ਕਾਇਤ ਦਰਜ ਕਰਾਉਣ ਲਈ 112 ਅਤੇ ਮੈਡੀਕਲ ਸਬੰਧੀ ਸਾਰੀਆਂ ਜ਼ਰੂਰਤਾਂ ਲਈ 104 ਹੈਲਪਲਾਈਨ ਦੀ ਸਹੂਲਤ ਦਿੱਤੀ ਗਈ ਹੈ। ਇਸ ਉਪਰਾਲੇ ਦਾ ਮੰਤਵ ਇਸ ਸੰਕਟਕਾਲੀ ਘੜੀ ਦੌਰਾਨ ਲੋਕਾਂ ਨੂੰ ਤਣਾਅ ਮੁਕਤ ਰਹਿਣ ਲਈ ਸਲਾਹ ਅਤੇ ਕਾਉਂਸਲਿੰਗ ਸਬੰਧੀ ਸੁਵਿਧਾਵਾਂ ਮੁਹੱਈਆ ਕਰਾਉਣਾ ਹੈ। ਇਸ ਤੋਂ ਇਲਾਵਾ ਇਕ ਜਨਰਲ ਹੈਲਪਲਾਈਨ ਨੰਬਰ 1905 ਨੂੰ ਵੀ ਕਾਰਜਸ਼ੀਲ ਬਣਾਇਆ ਗਿਆ ਹੈ ਜਿਸਨੂੰ ਵਰਤ ਕੇ ਲੋਕ ਘਰੇਲੂ ਵਰਤੋਂ ਦੀਆਂ ਵਸਤਾਂ ਦੀ ਸਪਲਾਈ ਅਤੇ ਉਪਲਬਧਤਾ ਸਬੰਧੀ ਲੋੜੀਂਦੀ ਜਾਣਕਾਰੀ ਲੈ ਸਕਦੇ ਹਨ।ਸ੍ਰੀ ਤਿਵਾੜੀ ਨੇ ਅੱਗੇ ਕਿਹਾ ਕਿ ਐਂਬੂਲੈਂਸ ਸੇਵਾ ਲਈ 108 ਹੈਲਪਲਾਈਨ ਨੰਬਰ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ। ਗ਼ੌਰਤਲਬ ਹੈ ਕਿ ਰਾਜ ਸਰਕਾਰ ਨੇ ਲੋਕਾਂ ਲਈ ਟੈਲੀ-ਕਾਨਫਰੰਸਿੰਗ ਰਾਹੀਂ ਸੀਨੀਅਰ ਡਾਕਟਰਾਂ ਦੇ ਨੈੱਟਵਰਕ ਨਾਲ ਜੁੜਨ ਅਤੇ ਕੋਵਿਡ -19 ਅਤੇ ਹੋਰ ਸਮੱਸਿਆਵਾਂ ਸਬੰਧੀ ਡਾਕਟਰੀ ਸਲਾਹ ਲੈਣ ਲਈ ਇਕ ਵਿਸ਼ੇਸ਼ ਹੈਲਪਲਾਈਨ 1800 180 4104 ਵੀ ਸ਼ੁਰੂ ਕੀਤੀ ਹੈ। ਲੋਕਾਂ ਨੂੰ ਬਿਹਤਰ ਸਿਹਤ ਅਤੇ ਸਹਾਇਕ ਸੇਵਾਵਾਂ ਪ੍ਰਦਾਨ ਕਰਨ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰੀ ਰਾਹੁਲ ਤਿਵਾੜੀ ਨੇ ਭਰੋਸਾ ਦਿੱਤਾ ਕਿ ਸਾਰੇ ਸਬੰਧਤ ਵਿਭਾਗ ਇਕਜੁੱਟਤਾ ਨਾਲ ਕੰਮ ਕਰ ਰਹੇ ਹਨ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਲੋਕਾਂ ਨੂੰ ਸਿਹਤ ਅਤੇ ਸਮਾਜਕ ਦੂਰੀ ਰੱਖਣ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਦੇ ਰਹਿਣ ਦੀ ਅਪੀਲ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਇਹ ਉਹ ਸਮਾਂ ਹੈ, ਜਦੋਂ ਸਾਨੂੰ ਮੋਹਰਲੀ ਕਤਾਰ ਵਿਚ ਡੱਟੇ ਹੋਏ ਸਾਡੇ ਸਿਹਤ ਕਰਮੀਆਂ ਲਈ ਹਰ ਸੰਭਵ ਕੋਸਿ਼ਸ਼ ਕਰਨੀ ਚਾਹੀਦੀ ਹੈ।
Total Responses : 267