ਹਰੀਸ਼ ਕਾਲੜਾ
ਰੂਪਨਗਰ, 06 ਜੁਲਾਈ 2020 : ਕੋਵਿਡ-19 ਦੇ ਮੱਦੇਨਜ਼ਰ ਜਿਲ੍ਹੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਪੁਰਜ਼ੋਰ ਉਪਰਾਲੇ ਕਰਨ ਸਬੰਧੀ ਸੋਨਾਲੀ ਗਿਰਿ, ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਜਿਲ੍ਹੇ ਦੇ ਸਮੂਹ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਜੀ.ਐਮ.ਡੀ.ਆਈ.ਸੀ ਨਾਲ ਰੀਵਿਊ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਅਮਰਦੀਪ ਸਿੰਘ ਗੁਜ਼ਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਸੀ.ਈ.ਓ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵੀ ਸ਼ਾਮਲ ਸਨ। ਮੀਟਿੰਗ ਵਿੱਚ ਅਹਿਮ ਵਿਚਾਰਾਂ ਕੀਤੀਆਂ ਗਈਆ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਲਗਾਇਆ ਗਿਆ ਸੀ। ਜਿਸਦੇ ਫਲਸਰੂਪ ਸਾਰੇ ਉਦਯੋਗਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਵੀ ਆਪਣੇ ਰਾਜਾਂ ਨੂੰ ਵਾਪਿਸ ਪਰਤ ਗਏ ਸਨ। ਪਰੰਤੂ ਸਰਕਾਰ ਦੀਆਂ ਮੌਜੂਦਾਂ ਹਦਾਇਤਾਂ ਅਨੁਸਾਰ ਉਦਯੋਗਾਂ ਨੂੰ ਚਾਲੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਨ੍ਹਾਂ ਉਦਯੋਗਾਂ ਵਿੱਚ ਕਿਰਤੀਆਂ ਦੀ ਮੰਗ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ-19 ਕਾਰਨ ਜਿਨ੍ਹਾਂ ਨੌਜਵਾਨਾਂ ਦੀਆਂ ਨੌਕਰੀਆਂ ਗਈਆਂ ਹਨ, ਉਨ੍ਹਾਂ ਨੂੰ ਦੁਬਾਰਾ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਪੁਰਜ਼ੋਰ ਉਪਰਾਲੇ ਕੀਤੇ ਜਾਣ। ਉਨ੍ਹਾਂ ਮੀਟਿੰਗ ਵਿੱਚ ਮੌਜੂਦ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਇਕ ਸੁਰ ਹੋ ਕਿ ਆਪਸੀ ਤਾਲਮੇਲ ਬਣਾਉਂਦੇ ਹੋਏ ਢੁਕਵੇਂ ਯਤਨ ਕੀਤੇ ਜਾਣ। ਉਨ੍ਹਾਂ ਨੇ ਡੀ.ਬੀ.ਈ.ਈ ਵਿਖੇ ਵੱਖ-ਵੱਖ ਨਿਯੋਜਕਾਂ ਤੋਂ ਕੁਸ਼ਲ ਅਤੇ ਅਕੁਸ਼ਲ ਮਜ਼ਦੂਰਾਂ ਦੀ ਲੋੜ ਬਾਰੇ ਪ੍ਰਾਪਤ ਅਸਾਮੀਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਨੇ ਦੱਸਿਆ ਕਿ ਵੱਖ ਵੱਖ ਨਾਂਮੀ ਕੰਪਨੀਆਂ ਵੱਲੋਂ ਕੁੱਲ 1150 ਵਕੈਂਸੀਆਂ ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਮੰਡੀ ਗੋਬਿੰਦਗੜ੍ਹ, ਫਿਲੋਰ ਅਤੇ ਬੱਦੀ ਦੇ ਖੇਤਰਾਂ ਲਈ ਭਰੀਆਂ ਜਾਣੀਆਂ ਹਨ ਅਤੇ ਲੋੜਵੰਦ ਨੌਜਵਾਨਾਂ ਲਈ ਇਹ ਇੱਕ ਚੰਗਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਦੀ ਕਾਊਂਸਲਿੰਗ ਕਰਕੇ ਇਨ੍ਹਾਂ ਅਸਾਮੀਆਂ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਨੌਜਵਾਨਾਂ ਨੂੰ ਮੌਕੇ ਦਾ ਲਾਭ ਉਠਾਉਣ ਲਈ ਉਤਸ਼ਾਹਤ ਕੀਤਾ ਜਾਵੇ।ਉਨ੍ਹਾਂ ਇਹ ਵੀ ਕਿਹਾ ਕਿ ਸ਼ੁਰੂਆਤ ਵਿੱਚ ਜੇਕਰ ਕਿਸੇ ਨੌਜਵਾਨ ਨੂੰ ਘਰ ਤੋਂ ਦੂਰ ਜਾ ਕੇ ਵੀ ਕੰਮ ਕਰਨਾ ਪੈਂਦਾ ਹੈ,ਤਾਂ ਉਸਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ ਸਗੋਂ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ।ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਵੱਲੋਂ ਜਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ/ਸਕੂਲਾਂ/ਕਾਲਜਾਂ ਵਿੱਚ ਬਤੌਰ ਗਾਈਡੈਂਸ ਕਾਊਂਸਲਰ ਡਿਊਟੀ ਨਿਭਾ ਰਹੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋੜਵੰਦ ਨੌਜਵਾਨਾਂ ਨੂੰ ਉਕਤ ਸਬੰਧੀ ਪ੍ਰੇਰਿਤ ਕਰਕੇ ਸਹੀ ਰਾਹ ਦਿਖਾਇਆ ਜਾਵੇ।