ਕਿਹਾ, ਕਿਸੇ ਵੀ ਪੌਜ਼ਟਿਵ ਜਾਂ ਸ਼ੱਕੀ ਮਰੀਜ਼ ਦੇ ਸੰਸਕਾਰ ਵਿਚ ਦਿੱਕਤ ਆਈ ਤਾਂ ਸੰਸਥਾ ਮੁਹੱਈਆ ਕਰਵਾਏਗੀ ਸੰਸਕਾਰ ਲਈ ਥਾਂ ਅਤੇ ਸਹਾਇਤਾ
ਫ਼ਿਰੋਜਪੁਰ, 6 ਅਪ੍ਰੈਲ 2020: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਕੁਲਵੰਤ ਸਿੰਘ ਵੱਲੋਂ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜਨ ਵਾਲੇ ਮਰੀਜ਼ਾਂ ਦੇ ਸੰਸਕਾਰ ਵਿਚ ਰੁਕਾਵਟ ਨਾ ਪੈਦਾ ਕਰਨ ਦੀ ਕੀਤੀ ਅਪੀਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਕੁੱਝ ਸਮਾਜਿਕ ਸੰਸਥਾਵਾਂ ਇਸ ਮਾਮਲੇ ਵਿਚ ਸਹਾਇਤਾ ਲਈ ਅੱਗੇ ਆਈਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਮਾਮਲੇ ਵਿਚ ਪੂਰੀ ਸਹਾਇਤਾ ਦੇਣ ਦੀ ਗੱਲ ਕੀਤੀ ਹੈ। ਸ਼ਹੀਦ ਏ ਵਤਨ ਯੂਥ ਆਰਗੇਨਾਈਜ਼ੇਸ਼ਨ ਅਤੇ ਗਰੀਨ ਫ਼ੀਲਡ ਰਿਪੋਰਟ ਤੋਂ ਸਰਪੰਚ ਮਨਵਿੰਦਰ ਸਿੰਘ ਸੰਧੂ ਉਰਫ ਮਨੀ, ਗੁਰਨਾਮ ਸਿੰਘ ਟਿੱਬੀ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸੰਸਥਾ ਨਾ ਸਿਰਫ਼ ਪ੍ਰਸ਼ਾਸਨ ਨੂੰ ਸੰਸਕਾਰ ਲਈ ਥਾ ਮੁਹੱਈਆ ਕਰਵਾਏਗੀ ਬਲਕਿ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ।
ਪਟੇਲ ਨਗਰ ਦੇ ਰਹਨ ਵਾਲੇ ਮਨੀ ਸਰਪੰਚ ਨੇ ਕਹਾ ਕਿ ਕੋਰੋਨਾ ਵਾਇਰਸ ਨੇ ਲੋਕਾਂ ਦੇ ਚਿਹਰੇ ਤੋਂ ਇੰਨਸਾਨੀਯਤ ਦਾ ਝੂਠਾ ਨਕਾਬ ਉਤਾਰ ਦਿੱਤਾ ਹੈ ਕਿਊਂਕਿ ਦੁੱਖ ਦੀ ਇਸ ਘੜੀ ਵਿਚ ਲੋਕ ਕਿਸੇ ਦਾ ਸੰਸਕਾਰ ਵੀ ਨਹੀਂ ਕਰਨ ਦੇ ਰਹੇ ਜੋ ਕਿ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਉਨ੍ਹਾਂ ਦੀ ਸੰਸਥਾ ਜੇਕਰ ਇਹੋ ਜਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਨਾ ਸਿਰਫ਼ ਥਾਂ ਮੁਹੱਈਆ ਕਰਵਾਏਗੀ ਬਲਕਿ ਪ੍ਰਸ਼ਾਸਨ ਦਾ ਹਰ ਤਰਫ਼ੋਂ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਦੀ ਮੌਤ ਹੋਣ ਤੇ ਲੋਕ ਉਸ ਨੂੰ ਕੋਰੋਨਾ ਵਾਇਰਸ ਨਾਲ ਜੋੜ ਰਹੇ ਹਨ ਅਤੇ ਉਸ ਦਾ ਸੰਸਕਾਰ ਨਹੀਂ ਹੋਣ ਦੇ ਰਹੇ, ਜੋ ਕਿ ਸਹੀ ਗੱਲ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਨੌਜਵਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਸਾਰਿਆਂ ਨੂੰ ਇਕਠੇ ਰਹਿਣਾ ਚਾਹੀਦਾ ਹੈ ਤਾਂ ਹੀ ਅਸੀਂ ਵਾਇਰਸ ਖ਼ਿਲਾਫ਼ ਜੰਗ ਨੂੰ ਜਿਤ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਵਿਗਿਆਨੀ ਤੱਥ ਸਾਹਮਣੇ ਨਹੀਂ ਆਇਆ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ ਦਾ ਸੰਸਕਾਰ ਕਰਨ ਨਾਲ ਵਾਇਰਸ ਫੈਲਦਾ ਹੈ ਬਲਕਿ ਕਿ ਇਸ ਦੇ ਉਲਟ ਇਹ ਸਾਬਤ ਹੋਇਆ ਹੈ ਕਿ ਕਿਸੇ ਕੋਰੋਨਾ ਪੋਜਟਿਵ ਮਰੀਜ਼ ਦਾ ਜਿੰਨਾ ਜਲਦੀ ਸੰਸਕਾਰ ਕੀਤਾ ਜਾਵੇ ਉਹ ਚੰਗਾ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਸਕਾਰ ਕਰਨ ਨਾਲ ਨਾ ਸਿਰਫ਼ ਵਾਇਰਸ ਖ਼ਤਮ ਹੋ ਜਾਂਦਾ ਹੈ ਬਲਕਿ ਉਸ ਦੇ ਫੈਲਣ ਦੀ ਸੰਭਾਵਨਾ ਵੀ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਣ ਅਤੇ ਕਿਸੇ ਵੀ ਮਰੀਜ਼ ਦੀ ਮੌਤ ਤੇ ਉਸ ਦੇ ਸੰਸਕਾਰ ਵਿਚ ਕੋਈ ਰੁਕਾਵਟ ਨਾ ਪੈਦਾ ਕਰਨ।