ਹੁਸ਼ਿਆਰਪੁਰ, 3 ਅਪ੍ਰੈਲ 2020 - ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਵੱਖ-ਵੱਖ ਬੈਂਕਾਂ ਦਾ ਦੌਰਾ ਕਰਦਿਆਂ ਬੈਂਕਾਂ ਵਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਜਿਥੇ ਸਮਾਜਿਕ ਦੂਰੀ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ, ਉਥੇ ਬੈਂਕਾਂ ਦੀ ਸਾਫ਼-ਸਫ਼ਾਈ ਅਤੇ ਸੈਨੇਟਾਈਜ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਬੈਂਕਿੰਗ ਸੇਵਾਵਾਂ ਪੂਰਾ ਹਫ਼ਤਾ ਚਾਲੂ ਰਹਿਣਗੀਆਂ ਅਤੇ ਇਸ ਦੌਰਾਨ ਬੈਂਕ ਮੁਲਾਜ਼ਮਾਂ ਲਈ ਜ਼ਰੂਰੀ ਹੈ ਕਿ ਉਹ ਆਪਸ ਵਿੱਚ ਵੀ ਸਮਾਜਿਕ ਦੂਰੀ ਬਰਕਰਾਰ ਰੱਖਣ।
ਅਪਨੀਤ ਰਿਆਤ ਨੇ ਕਿਹਾ ਕਿ ਬੈਂਕਾਂ ਵਿੱਚ ਸੇਵਾਵਾਂ ਹਾਸਲ ਕਰਨ ਵਾਲੇ ਵਿਅਕਤੀਆਂ ਲਈ ਵੀ ਮਾਰਕਿੰਗ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਬੈਂਕਾਂ ਦੇ ਅੰਦਰ ਜਾਂ ਬਾਹਰ ਕਿਸੇ ਵੀ ਤਰ੍ਹਾਂ ਦੀ ਭੀੜ ਇਕੱਤਰ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਹੀ ਕਰਫਿਊ ਲਗਾਇਆ ਗਿਆ ਹੈ ਅਤੇ ਇਸ ਦੌਰਾਨ ਜਨਤਾ ਨੂੰ ਘਰਾਂ ਵਿੱਚ ਹੀ ਹੋਮ ਡਿਲੀਵਰੀ ਰਾਹੀਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੈਂਕਿੰਗ ਸੇਵਾਵਾਂ ਨੂੰ ਦੇਖਦੇ ਹੋਏ ਹੀ ਬੈਂਕਾਂ ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ, ਇਸ ਲਈ ਬੈਂਕ ਕਰਫਿਊ ਦੀ ਪਾਲਣਾ ਵੀ ਯਕੀਨੀ ਬਣਾਉਣ। ਉਨ੍ਹਾਂ ਏ.ਟੀ.ਐਮ. ਲਈ ਵੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ।