ਮਰੀਜ਼ਾਂ ਦਾ ਹੌਂਸਲਾ ਵਧਾਉਣ ਲਈ ਕੀਤਾ ਗਿਆਨ ਸਾਗਰ ਹਸਪਤਾਲ ਦਾ ਦੌਰਾ
ਐਸ ਏ ਐਸ ਨਗਰ, 18 ਅਪ੍ਰੈਲ 2020: "ਹੌਂਸਲਾ ਰੱਖੋ, ਹਿੰਮਤ ਨਾ ਹਾਰੋ ਅਤੇ ਹਮੇਸ਼ਾਂ ਯਾਦ ਰੱਖੋ ਕਿ ਅਸੀਂ ਮਿਲ ਕੇ ਕੋਰੋਨਾ ਵਾਇਰਸ ਨੂੰ ਹਰਾ ਸਕਦੇ ਹਾਂ।"
ਇਹ ਪ੍ਰਗਟਾਵਾ ਬੀਤੇ ਦੇਰ ਸ਼ਾਮ ਡਿਪਟੀ ਮੈਡੀਕਲ ਕਮਿਸ਼ਨਰ (ਮੁਹਾਲੀ) ਡਾ. ਦਲਜੀਤ ਸਿੰਘ, ਐਮ.ਡੀ. (ਮਨੋਵਿਗਿਆਨ) ਨੇ ਕੀਤਾ। ਉਹਨਾਂ ਕੋਰੋਨਾ ਵਾਇਰਸ ਪਾਜੇਟਿਵ ਮਰੀਜ਼ਾਂ ਦਾ ਹੌਂਸਲਾ ਵਧਾਉਣ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਨ ਲਈ ਗਿਆਨ ਸਾਗਰ ਹਸਪਤਾਲ ਵਿਖੇ ਕੀਤੇ ਦੌਰਾ ਦੌਰਾਨ ਇਹ ਪ੍ਰਗਟਾਵਾ ਕੀਤਾ।
ਡਾ: ਦਲਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਨਾਲ ਸਬੰਧਤ ਕੁੱਲ 47 ਮਰੀਜ਼ ਹਸਪਤਾਲ ਵਿੱਚ ਦਾਖਲ ਹਨ। ਉਹਨਾਂ ਇਹ ਵੀ ਕਿਹਾ ਕਿ ਮਰੀਜ਼ਾਂ ਨਾਲ ਗੱਲਬਾਤ ਦੌਰਾਨ, ਉਹਨਾਂ ਮਰੀਜ਼ਾਂ ਨੂੰ ਹਿੰਮਤ ਨਾਲ ਇਸ ਸਥਿਤੀ ਦਾ ਸਾਹਮਣਾ ਕਰਨ ਅਤੇ ਹੌਂਸਲਾ ਨਾ ਛੱਡਣ ਦੀ ਨਸੀਹਤ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਮਰੀਜ਼ ਹਸਪਤਾਲ ਵਿਚ ਇਲਾਜ ਸੰਬੰਧੀ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਮਰੀਜ਼ਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਉੱਚ ਪੱਧਰੀ ਡਾਕਟਰੀ ਸਹੂਲਤਾਂ ਪ੍ਰਦਾਨ ਕਰੇਗਾ।
ਡਿਪਟੀ ਮੈਡੀਕਲ ਕਮਿਸ਼ਨਰ ਨੇ ਹਸਪਤਾਲ ਦੇ ਸਟਾਫ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮਨੋਬਲ ਨੂੰ ਵੀ ਹੁਲਾਰਾ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਇੱਕ ਕਾਉਂਸਲਿੰਗ ਹੈਲਪਲਾਈਨ ਨੰਬਰ 18001804104 ਦੀ ਸ਼ੁਰੂਆਤ ਕੀਤੀ ਹੈ।