ਹਰਿੰਦਰ ਨਿੱਕਾ
- ਡਿਪਟੀ ਕਮਿਸ਼ਨਰ ਵੱਲੋਂ ਖਰੀਦ ਕੇਂਦਰਾਂ ’ਚ ਪ੍ਰਬੰਧਾਂ ਦੀ ਨੇੜਿਓਂ ਨਜ਼ਰਸਾਨੀ
ਬਰਨਾਲਾ, 21 ਅਪਰੈਲ 2020 - ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪ੍ਰਬੰਧਾਂ ਦੀ ਨਜ਼ਰਸਾਨੀ ਲਈ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਸੈਕਟਰ ਅਫਸਰਾਂ ਨੂੰ ਮੰਡੀਆਂ ’ਤੇ ਨੇੜਿਓਂ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਵਿਚ ਕਰੀਬ 35 ਸੈਕਟਰ ਅਫਸਰ ਤਾਇਨਾਤ ਹਨ, ਜੋ ਕੋਵਿਡ 19 ਤੋਂ ਬਚਾਅ ਦੇ ਉਪਰਾਲਿਆਂ ਤਹਿਤ ਬਾਹਰੋਂ ਆਉਣ-ਜਾਣ ਵਾਲਿਆਂ ਅਤੇ ਇਕਾਂਤਵਾਸ ਕੀਤੇ ਵਿਅਕਤੀਆਂ ’ਤੇ ਆਪਣੇ ਆਪਣੇ ਖੇਤਰ ਅਨੁਸਾਰ ਨਜ਼ਰ ਰੱਖ ਰਹੇ ਹਨ ਤੇ ਹੁਣ ਇਹ ਸੈਕਟਰ ਅਫਸਰ ਡਿਪਟੀ ਕਮਿਸ਼ਨਰ ਦੇ ਹੁਕਮ ਅਨੁਸਾਰ ਮੰਡੀਆਂ ਦੇ ਪ੍ਰਬੰਧਾਂ ਉਤੇ ਵੀ ਬਾਜ਼ ਅੱਖ ਰੱਖਣ ’ਚ ਜੁਟ ਗਏ ਹਨ। ਡਿਪਟੀ ਕਮਿਸ਼ਨਰ ਫੂਲਕਾ ਨੇ ਦੱਸਿਆ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਲ ਨਾ ਆਵੇ ਅਤੇ ਮੰਡੀਆਂ ਵਿਚ ਪ੍ਰਬੰਧਾਂ ਦੀ ਅਸਲ ਰਿਪੋਰਟ ਪ੍ਰਾਪਤ ਕਰਨ ਲਈ ਸੈਕਟਰ ਅਫਸਰ ਮੰੰਡੀਆਂ ਵਿਚ ਡਟ ਗਏ ਹਨ।
ਇਨ੍ਹਾਂ ਸੈਕਟਰ ਅਫਸਰਾਂ ਨੂੰ ਮੰਡੀਆਂ ਤੋਂ ਇਲਾਵਾ 107 ਸ਼ੈਲਰਾਂ ਦੀ ਸੂਚੀ ਮੁਹੱਈਆ ਕਰਾਈ ਗਈ ਹੈ ਤਾਂ ਜੋ ਸੈਕਟਰ ਅਫਸਰ ਆਪੋ ਆਪਣੇ ਖੇਤਰ ਅਧੀਨ ਆਉਂਦੀਆਂ ਮੰਡੀਆਂ ਵਿਚ ਰੋਜ਼ਾਨਾ ਪੱਧਰ ’ਤੇ ਗੇੜਾ ਮਾਰ ਕੇ ਅਸਲ ਰਿਪੋਰਟ ਉਨ੍ਹਾਂ ਨੂੰ ਪੇਸ਼ ਕਰ ਸਕਣ। ਉਨ੍ਹਾਂ ਦੱਸਿਆ ਕਿ ਸਾਰੇ ਸੈਕਟਰ ਅਫਸਰਾਂ ਨੂੰ ਪ੍ਰਫਾਰਮੇ ਮੁਹੱਈਆ ਕਰਾਏ ਗਏ ਹਨ, ਜਿਸ ਵਿਚ ਮੰਡੀਆਂ ਵਿਚ ਆਰਜ਼ੀ ਪਖਾਨਿਆਂ ਦੇ ਪ੍ਰਬੰਧਾਂ, ਪੀਣ ਵਾਲੇ ਪਾਣੀ ਦੇ ਪ੍ਰਬੰਧਾਂ, ਬਿਜਲੀ ਦੇ ਪ੍ਰਬੰਧਾਂ, ਗਰਿੱਡ ਲਾਈਨਾਂ ਬਣੇ ਹੋਣ, ਆੜ੍ਹਤੀਆਂ ਵੱਲੋਂ ਲੇਬਰ ਦੇ ਇੰਤਜ਼ਾਮ, ਆੜ੍ਹਤੀਆਂ ਵੱਲੋਂ ਕਣਕ ਦੀ ਸਫਾਈ ਲਈ ਮਸ਼ੀਨਾਂ ਦੇ ਇੰਤਜ਼ਾਮ, ਪਾਸ ਜਾਰੀ ਕਰਨ ਬਾਰੇ, ਠੇੇਕੇਦਾਰ ਕੋਲ ਲੇਬਰ ਦੇ ਇੰਤਜ਼ਾਮ ਤੇ ਮਾਸਕ ਅਤੇ ਸੈਨੇਟਾਈਜ਼ਰ ਦੇ ਪ੍ਰਬੰਧਾਂ ਦੀ ਘੋਖ ਕਰ ਕੇ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨੂੰ ਹੱਲ ਕਰਵਾਇਆ ਜਾ ਸਕੇ।
- ਦਿਹਾਤੀ ਖੇਤਰਾਂ ,ਚ ਖੁਸ਼ਹਾਲੀ ਦੇ ਰਾਖੇ ਕਰ ਰਹੇ ਪ੍ਰਬੰਧਾਂ ਦੀ ਰਾਖੀ
ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਵਿਚ ਅਨਾਜ ਮੰਡੀਆਂ, ਖਰੀਦ ਕੇਂਦਰਾਂ ਤੇ ਸ਼ੈਲਰਾਂ ਵਿਚ 44 ਜੀਓਜੀ (ਖੁਸ਼ਹਾਲੀ ਦੇ ਰਾਖੇ) ਕਣਕ ਦੇ ਖਰੀਦ ਪ੍ਰਬੰਧਾਂ ਦੀ ਰਾਖੀ ਕਰ ਰਹੇ ਹਨ ਅਤੇ ਰੋਜ਼ਾਨਾ ਪੱਧਰ ’ਤੇ ਪਿੰਡਾਂ ਵਿਚ ਸਥਿਤੀ ਬਾਰੇ ਰਿਪੋਰਟ ਕਰ ਰਹੇ ਹਨ। ਜੀਓਜੀ ਸਮਾਜਿਕ ਦੂਰੀ ਦੇ ਸੁਨੇਹੇ ਤੋਂ ਲੈ ਕੇ ਕਣਕ ਦੀ ਖਰੀਦ, ਭਰਾਈ, ਲਿਫਟਿੰਗ, ਮੰਡੀਆਂ ’ਚ ਸਿਹਤ ਜਾਂਚ, ਤੋਲ ਚੈਕਿੰਗ ਤੱਕ ’ਤੇ ਨੇੜਿਓ ਨਜ਼ਰ ਰੱਖ ਰਹੇ ਹਨ।