- ਇਨਸਾਫ ਨਾ ਮਿਲਿਆ ਤਾਂ ਜਵਾਂਗਾ ਹਾਈਕੋਰਟ -ਪੀੜਤ
ਫਿਰੋਜ਼ਪੁਰ 30 ਅਪ੍ਰੈਲ 2020 : ਕੋਰੋਨਾ ਵਾਇਰਸ ਕਾਰਨ ਪੂਰਾ ਦੇਸ਼ ਲੌਕਡਾਊਨ ਹੋ ਚੁੱਕਾ ਹੈ। ਪੰਜਾਬ ਵਿੱਚ ਕਰਫ਼ਿਊ ਲੱਗਾ ਹੋਇਆ ਹੈ ਅਜਿਹੇ ਵਿਚ ਜਦੋਂ ਕਿਸੇ ਨੂੰ ਵੀ ਬਾਹਰ ਨਿਕਲਣ ਦੀ ਇਜ਼ਾਜ਼ਤ ਨਹੀਂ ਹੈ ਤਾਂ ਸਰਕਾਰ ਵੱਲੋਂ 'ਕੋਵਾ' ਨਾਂਅ ਦੀ ਐਪ ਬਣਾ ਕੇ ਲੋਕਾਂ ਨੂੰ ਅਤਿ ਜਰੂਰੀ ਕੰਮ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ ਪਰ ਕੁਝ ਪੁਲਿਸ ਅਧਿਕਾਰੀ ਇਹਨਾਂ ਪਾਸਾਂ ਨੂੰ ਟਿੱਚ ਸਮਝਦੇ ਹਨ।
ਅਜਿਹੇ ਹੀ ਇੱਕ ਮਾਮਲਾ ਫਿਰੋਜ਼ਪੁਰ 'ਚ ਵੇਖਣ ਨੂੰ ਮਿਲਿਆ, ਜਿਥੇ ਇੱਕ ਆਦਮੀ ਕੋਲ ਕਰਫ਼ਿਊ ਪਾਸ ਹੋਣ ਦੇ ਬਾਵਜੂਦ ਵੀ ਉਸ 'ਤੇ ਪਰਚਾ ਕਰ ਦਿੱਤਾ ਗਿਆ।
ਸੁਖਦੇਵ ਸਿੰਘ ਪੁੱਤਰ ਜੀਤ ਸਿੰਘ ਵਾਸੀ ਮਮਦੋਟ ਨੇ ਦੱਸਿਆ ਕਿ ਉਹ ਮਮਦੋਟ ਵਿਖੇ ਇਲੈਕਟ੍ਰੋਨਿਸ ਦੀ ਦੁਕਾਨ ਕਰਦਾ ਹੈ ਅਤੇ ਇਸੇ ਲਈ ਉਸ ਨੇ ਕੋਵਾ 'ਤੇ ਅਪਲਾਈ ਕਰਕੇ ਪਾਸ ਲਿਆ ਸੀ। ਅਤੇ ਬੈਟਰੀਆਂ ਆਦਿ ਲੈ ਕੇ ਜਾ ਰਿਹਾ ਸੀ ਕਿ ਸਥਾਨਿਕ ਊਧਮ ਸਿੰਘ ਚੌਕ ਵਿਚ ਨਾਕਾ ਲਗਾ ਕੇ ਖੜੇ ਡੀ ਐੱਸ ਪੀ ਗੁਰਦੀਪ ਸਿੰਘ ਨੇ ਉਹਨਾਂ ਨੂੰ ਰੋਕਿਆ। ਜਿਹਨਾਂ ਨੂੰ ਉਹਨਾਂ ਨੇ ਆਪਣਾ ਕਰਫ਼ਿਊ ਪਾਸ (ਨੰਬਰ E 4778456) ਵਿਖਾਇਆ ਪਰ ਅੱਗੋਂ ਡੀ ਐੱਸ ਪੀ ਸਾਹਬ ਨੇ ਕਿਹਾ ਕਿ ਉਹ ਨਹੀਂ ਮੰਨਦੇ ਇਸ ਪਾਸ ਨੂੰ, ਪਾੜ ਕੇ ਸੁੱਟ ਦਿਓ। ਸੁਖਦੇਵ ਸਿੰਘ ਨੇ ਦੱਸਿਆ ਕਿ ਡੀਐੱਸਪੀ ਗੁਰਦੀਪ ਸਿੰਘ ਨੇ ਉਸ ਦੇ ਫੋਨ ਵੀ ਖੋਹ ਲਏ ਅਤੇ ਉਸਦਾ ਧਾਰਾ 188 ਤਹਿਤ ਪਰਚਾ ਕੱਟ ਦਿੱਤਾ। ਉਹਨਾਂ ਕਿਹਾ ਕਿ ਉਸ ਨੂੰ ਥਾਣੇ ਲਿਜਾ ਕੇ ਬੇਇੱਜ਼ਤ ਕੀਤਾ ਗਿਆ।
ਸੁਖਦੇਵ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਮੇਰੇ ਨਾਲ ਕਈ ਬੰਦਿਆ ਨੂੰ ਕਾਰਾਂ ਸਮੇਤ ਫੜਿਆ ਗਿਆ ਪਰ ਉਹਨਾਂ ਦੇ ਸਿਫ਼ਾਰਸ਼ੀ ਫੋਨ ਅਉਣ 'ਤੇ ਉਹਨਾਂ ਨੂੰ ਛੱਡ ਦਿੱਤਾ ਗਿਆ। ਸੁਖਦੇਵ ਸਿੰਘ ਨੇ ਕਿਹਾ ਕਿ ਦੋ ਦਿਨਾ ਬਾਅਦ ਉਸ ਨੂੰ ਕੋਰਟ 'ਚ ਜ਼ਮਾਨਤ ਮਿਲੀ। ਉਹ ਹੈਰਾਨ ਹੈ ਕਿ ਪਾਸ ਹੋਣ ਦੇ ਬਾਵਜੂਦ ਉਸਦਾ ਪਰਚਾ ਕਿਵੇ ਕੱਟ ਦਿੱਤਾ ਗਿਆ।
ਸੁਖਦੇਵ ਸਿੰਘ ਨੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅਗਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮਾਣਯੋਗ ਹਾਈਕੋਰਟ ਵਿੱਚ ਜਾਣਗੇ ਤਾਂ ਜੋ ਇਹੋ ਜਹੇ ਹੰਕਾਰੇ ਅਧਿਕਾਰੀ ਨੂੰ ਸਬਕ ਸਿਖਾਇਆ ਜਾ ਸਕੇ। ਇਸ ਸਬੰਧੀ ਜਦੋ ਡੀਐੱਸਪੀ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਜਾਅਲੀ ਪਾਸ ਲੈਕੇ ਘੁੰਮ ਰਹੇ ਹਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਨਲਾਈਨ ਚੈੱਕ ਵੀ ਕਰ ਸਕਦੇ ਹੋ ਤਾਂ ਉਹਨਾਂ ਅੱਗੋਂ ਕਿਹਾ ਕਿ ਹੁਣ ਤਾਂ ਕੱਟ ਦਿੱਤਾ ਪਰਚਾ, ਬਹੁਤਾ ਵੱਡਾ ਨਹੀਂ ਹੁੰਦਾ ਪਰਚਾ, ਹੋ ਜਾਵੇਗਾ ਹੱਲ। ਇਸ ਸਬੰਧੀ ਐੱਸ ਐੱਸ ਪੀ ਭੁਪਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਫੋਨ ਚੁੱਕਣਾ ਹੀ ਮੁਨਾਸਿਬ ਨਾ ਸਮਝਿਆ।