ਹਰਿੰਦਰ ਨਿੱਕਾ
- ਕਿਸਾਨਾਂ ਅਤੇ ਮਜ਼ਦੂਰਾਂ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਮਜ਼ਦੂਰਾਂ ਨੂੰ ਸਮੇਂ ਸਮੇਂ ’ਤੇ ਹੱਥ ਧੋਣ ਲਈ ਪ੍ਰੇਰਿਆ
- ਵਲੰਟੀਅਰਾਂ ਨੂੰ ਡਟੇ ਰਹਿਣ ਲਈ ਦਿੱਤੀ ਹੱਲਾਸ਼ੇਰੀ
ਬਰਨਾਲਾ, 17 ਅਪਰੈਲ 2020 - ਜ਼ਿਲ੍ਹਾ ਬਰਨਾਲਾ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਸਰਕਾਰੀ ਖਰੀਦ ਜਾਰੀ ਹੈ। ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਮੰਡੀਆਂ ਵਿਚ ਜਿੱਥੇ ਲੋੜੀਂਦੇ ਪ੍ਰਬੰਧਾਂ ’ਤੇ ਖੁਸ਼ਹਾਲੀ ਦੇ ਰਾਖੇ (ਜੀਓਜੀ) ਨਜ਼ਰ ਰੱਖ ਰਹੇ ਹਨ, ਉਥੇ ਲੋੜੀਂਦੀਆਂ ਹਦਾਇਤਾਂ ਦੀ ਪਾਲਣ ਕਰਾਉਣ ਲਈ ਵੱਖ ਵੱਖ ਥਾਈਂ ਨੌਜਵਾਨ ਵਲੰਟੀਅਰ ਲਾਏ ਗਏ ਹਨ।
ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਬਰਨਾਲਾ ਦੀ ਮੁੱਖ ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਕੀਤਾ। ਇਸ ਮੌਕੇ ਉਨਾਂ ਪਾਣੀ ਦੇ ਪ੍ਰਬੰਧਾਂ, ਪਾਸਾਂ ਦੀ ਪ੍ਰਕਿਰਿਆ, ਬਾਰਦਾਨੇ, ਸਮਾਜਿਕ ਦੂਰੀ ਬਰਕਰਾਰ ਰੱਖਣ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੰਡੀ ਬੋਰਡ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਉਨਾਂ ਮੰਡੀ ਵਿਚ ਮਜ਼ਦੂਰਾਂ ਨੂੰ ਕੰਮ ਕਰਦੇ ਸਮੇਂ ਲੋੜੀਂਦੀ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸਮੇਂ ਸਮੇਂਂ ’ਤੇ ਹੱਥ ਧੋਣ ਲਈ ਪ੍ਰੇਰਿਆ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਮੰਡੀ ਵਿਚ ਸੈਨੇਟਾਈਜ਼ਰ ਤੇ ਪਾਣੀ ਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਆੜਤੀਆਂ ਨੂੰ ਵੀ ਹਦਾਇਤ ਕੀਤੀ ਕਿ ਜੇਕਰ ਕਿਸੇ ਕਿਸਾਨ ਜਾਂ ਮਜ਼ਦੂਰ ਨੇ ਮੂੰਹ ਨਹੀਂ ਢਕਿਆ ਹੈ ਤਾਂ ਉਨਾਂ ਨੂੰ ਮੂੰਹ ਢਕਣ ਲਈ ਪ੍ਰੇਰਿਤ ਕਰਨ।
ਇਸ ਮੌਕੇ ਉਨਾਂ ਮੰਡੀ ਵਿਚ ਜ਼ਰੂਰੀ ਸੇਵਾਵਾਂ ਦੀ ਰਾਖੀ ਲਈ ਡਟੇ ਵਲੰਟੀਅਰਾਂ ਨੂੰ ਵੀ ਹੱਲਾਸ਼ੇਰੀ ਦਿੱਤੀ ਅਤੇ ਆਖਿਆ ਕਿ ਮੰਡੀ ਦੇ ਮੁੱਖ ਗੇਟ ’ਤੇ ਹੀ ਆਉਣ ਵਾਲਿਆਂ ਦੇ ਹੱਥ ਸੈਨੇਟਾਈਜ਼ ਕਰਨੇ ਯਕੀਨੀ ਬਣਾਉਣ। ਇਸ ਮੌਕੇ ਉਨਾਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮਗਰੋਂ ਡਿਪਟੀ ਕਮਿਸ਼ਨਰ ਵੱਲੋਂ ਚੀਮਾ ਅਨਾਜ ਮੰਡੀ ਦਾ ਵੀ ਦੌਰਾ ਕੀਤਾ ਗਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਜ਼ਿਲਾ ਮੰਡੀ ਅਫਸਰ ਜਸਪਾਲ ਗਰਗ, ਮਾਰਕੀਟ ਕਮੇਟੀ ਚੇਅਰਮੈਨ ਸੋਹਨ ਮਿੱਤਲ, ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਤੇ ਮਾਰਕੀਟ ਕਮੇਟੀ ਅਧਿਕਾਰੀ ਹਾਜ਼ਰ ਸਨ।