ਫਲ ਅਤੇ ਸਬਜ਼ੀਆਂ ਦੇ ਵਿਕਰੇਤਾ, ਰਾਸ਼ਨ ਸਪੁਰਦ ਕਰਨ ਵਾਲੇ ਵਿਅਕਤੀ, ਦੋਧੀ, ਅਖਬਾਰਾਂ ਦੇਣ ਵਾਲੇ ਅਤੇ ਮੀਡੀਆ ਕਰਮਚਾਰੀ ਦੀ ਕੀਤੀ ਜਾਵੇਗੀ ਸਕ੍ਰਿਨਿੰਗ
ਐਸ ਏ ਐਸ ਨਗਰ, 22 ਅਪ੍ਰੈਲ 2020: ਆਮ ਲੋਕਾਂ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਧਿਆਨ ਵਿਚ ਰੱਖਦਿਆਂ, ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਜ਼ਰੂਰੀ ਚੀਜ਼ਾਂ ਦੀ ਸਪੁਰਦਗੀ ਵਿਚ ਤਾਇਨਾਤ ਸਾਰੇ ਵਿਅਕਤੀਆਂ ਦੀ ਕੋਵਿਡ-19 ਲਈ ਸਕ੍ਰਿਨਿੰਗ ਕੀਤੀ ਜਾਵੇਗੀ। ਇਹ ਆਦੇਸ਼ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੇ ।
ਇਹਨਾਂ ਵਿਚ ਰੋਜ਼ਾਨਾ ਜ਼ਰੂਰਤਾਂ ਜਿਵੇਂ ਫਲ ਅਤੇ ਸਬਜ਼ੀਆਂ ਦੇ ਵਿਕਰੇਤਾ, ਰਾਸ਼ਨ ਸਪੁਰਦ ਕਰਨ ਵਾਲੇ ਵਿਅਕਤੀ, ਦੋਧੀ, ਅਖਬਾਰਾਂ ਵੇਚਣ ਵਾਲੇ ਅਤੇ ਇੱਥੋਂ ਤਕ ਕਿ ਮੀਡੀਆ ਦੇ ਕਰਮਚਾਰੀ ਵੀ ਸ਼ਾਮਲ ਹਨ।
ਸਹਾਇਕ ਆਬਕਾਰੀ ਅਤੇ ਕਰ ਅਧਿਕਾਰੀ ਜ਼ੋਮੇਟੋ, ਸਵਿਗੀ, ਅਮਾਜੋਨ, ਫਲਿੱਪਕਾਰਟ, ਮਾਰਕਫੈਡ ਆਦਿ ਵਰਗੀਆਂ ਵੱਡੀਆਂ ਰਿਟੇਲ ਚੇਨਾਂ ਨਾਲ ਜੁੜੇ ਕੰਮ ਕਰਨ ਵਾਲੇ ਵਿਅਕਤੀਆਂ ਦੀ ਸਿਹਤ ਜਾਂਚ/ਸਕਰੀਨਿੰਗ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ, ਇਸੇ ਤਰ੍ਹਾਂ ਜ਼ਿਲ੍ਹਾ ਮੰਡੀ ਅਧਿਕਾਰੀ ਸਬਜ਼ੀਆਂ ਅਤੇ ਫਲ ਵੇਚਣ ਵਾਲਿਆਂ ਦੀ ਜਾਂਚ ਕਰਨਾ ਯਕੀਨੀ ਬਣਾਉਣਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨਿਊਜ਼ ਰਿਪੋਰਟਰਾਂ ਅਤੇ ਅਖ਼ਬਾਰਾਂ ਦੇ ਹਾਕਰਾਂ ਦੀ ਜਾਂਚ ਕਰਨ ਲਈ ਤਾਲਮੇਲ ਕਰਨਗੇ ਜਦਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਅਤੇ ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਦੁੱਧ ਸਪਲਾਈ ਕਰਨ ਵਾਲਿਆਂ ਦੀ ਜਾਂਚ ਕਰਵਾਉਣਗੇ।
ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਧਿਕਾਰੀ ਰਾਸ਼ਨ ਵੰਡਣ ਵਾਲਿਆਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਉਣਗੇ।
ਇਸ ਸਬੰਧ ਵਿਚ ਸਿਵਲ ਸਰਜਨ ਸਕ੍ਰੀਨਿੰਗ ਟੀਮਾਂ ਦਾ ਗਠਨ ਕਰੇਗਾ ਜੋ ਕਿ ਸਬੰਧਤ ਅਧਿਕਾਰੀਆਂ ਨਾਲ ਰੋਟੇਸ਼ਨ ਮੁਤਾਬਕ ਮੈਡੀਕਲ ਜਾਂਚ ਲਈ ਤਾਲਮੇਲ ਕਰੇਗਾ।
ਇਸ ਮੈਡੀਕਲ ਸਕ੍ਰੀਨਿੰਗ ਲਈ ਇੱਕ ਇਨਫਰਾਰੈੱਡ ਥਰਮਲ ਸਕੈਨਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜੇ ਜਾਂਚ ਦੌਰਾਨ ਕਿਸੇ ਵਿਅਕਤੀ ਵਿੱਚ ਬਿਮਾਰੀ ਨਾਲ ਜੁੜੇ ਕੋਈ ਲੱਛਣ ਪਾਏ ਜਾਂਦੇ ਹਨ ਤਾਂ ਡਾਕਟਰੀ ਪ੍ਰੋਟੋਕੋਲ ਅਤੇ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਇਲਾਜ ਸ਼ੁਰੂ ਕੀਤਾ ਜਾਵੇਗਾ।