ਦੇਵਾ ਨੰਦ ਸ਼ਰਮਾ
- ਕਿਸਾਨਾਂ, ਆੜਤੀਆਂ, ਲੇਬਰ ਆਦਿ ਨੂੰ ਮਾਸਕ ਪਹਿਣਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ
- ਕਿਸਾਨ ਆੜਤੀਆਂ ਤੋਂ ਪਾਸ ਲੈ ਕੇ ਹੀ ਮੰਡੀਆਂ ਵਿੱਚ ਫਸਲ ਲਿਆਉਣ
ਫਰੀਦਕੋਟ, 15 ਅਪ੍ਰੈਲ 2020 - ਪੰਜਾਬ ਸਰਕਾਰ ਵੱਲੋਂ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਨਿਰਵਿਘਨ ਖਰੀਦ ਸਮੇਤ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਕਿਸਾਨਾਂ, ਆੜਤੀਆਂ, ਲੇਬਰ ਤੇ ਖਰੀਦ ਏਜੰਸੀਆਂ ਆਦਿ ਨੂੰ ਦਿੱਤੇ ਗਏ ਨਿਰਦੇਸ਼ਾਂ ਤਹਿਤ ਅੱਜ ਜਿਲ੍ਹੇ ਦੇ ਕੁਝ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਬਕਾਇਦਾ ਸੁਰੂ ਹੋ ਗਈ ਹੈ।ਵੱਖ ਵੱਖ ਖਰੀਦ ਕੇਂਦਰਾਂ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਫਰੀਦਕੋਟ, ਸਾਦਿਕ, ਡੋਡ ਅਤੇ ਜੰਡ ਸਾਹਿਬ ਆਦਿ ਮੰਡੀਆਂ ਦਾ ਦੌਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਾਅ ਅਤੇ ਇਸ ਦੇ ਫੈਲਾਅ ਨੂੰ ਅੱਗੇ ਵਧਣ ਤੋਂ ਰੋਕਣ ਲਈ ਮੰਡੀਆਂ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ 134 ਖਰੀਦ ਕੇਂਦਰਾਂ ਵਿੱਚ ਕਿਸਾਨਾਂ ਦੀ ਆਮਦ ਵੇਲੇ ਹੱਥ ਧੋਣ ਲਈ ਵਿਸ਼ੇਸ਼ ਪ੍ਰਬੰਧ, ਪੀਣ ਵਾਲੇ ਪਾਣੀ ਲਈ ਵਿਸ਼ੇਸ਼ ਪ੍ਰਬੰਧ, ਆੜਤੀਆਂ , ਕਿਸਾਨਾਂ ਤੇ ਲੇਬਰ ਆਦਿ ਲਈ ਮਾਸਕ ਪਹਿਣਨੇ ਜ਼ਰੂਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਦੀ ਫਸਲ ਦੀ ਉਸੇ ਦਿਨ ਹੀ ਖਰੀਦ ਕਰਕੇ ਉਸ ਨੂੰ ਵਿਹਲਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਲਈ ਮੰਡੀ ਬੋਰਡ ਵੱਲੋਂ ਵਿਸ਼ੇਸ਼ ਮਾਰਕਿੰਗ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਜਿਲ੍ਹੇ ਦੀਆਂ ਸਾਰੀਆਂ ਮੰਡੀਆਂ ਨੂੰ ਸਪਰੇਅ ਰਾਹੀਂ ਸੈਨੇਟਾਈਜ਼ ਕੀਤਾ ਗਿਆ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਫਸਲ ਹੀ ਪਾਸ ਸਮੇਤ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਪਾਸ ਆਪਣੇ ਆੜਤੀ ਤੋਂ ਹੀ ਪ੍ਰਾਪਤ ਕਰਨ। ਉਨ੍ਹਾਂ ਮੰਡੀ ਵਿੱਚ ਕੰਮ ਕਰਦੀ ਲੇਬਰ, ਆੜਤੀਆਂ, ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਮੇਂ ਸਮੇਂ ਤੇ ਆਪਣੇ ਹੱਥ ਧੋਂਦੇ ਰਹਿਣ ਅਤੇ ਮਾਸਕ ਪਹਿਨ ਕੇ ਹੀ ਕੰਮ ਕਰਨ। ਉਨ੍ਹਾਂ ਦੁਹਰਾਇਆ ਕਿ ਕਿਸਾਨਾਂ ਆੜਤੀਆਂ ਜਾਂ ਲੇਬਰ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਸਾਰੀਆਂ ਧਿਰਾਂ ਨੂੰ ਖਰੀਦ ਦੌਰਾਨ ਮਿਲਵਰਤਨ ਦੀ ਵੀ ਅਪੀਲ ਕੀਤੀ।
ਜਿਲ੍ਹਾ ਮੰਡੀ ਅਫਸਰ ਸ: ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਖਰੀਦ ਦੇ ਪਹਿਲੇ ਦਿਨ ਮਾਰਕਿਟ ਕਮੇਟੀ ਅਧੀਨ ਆਉਂਦੀਆਂ ਵੱਖ ਵੱਖ ਖਰੀਦ ਕੇਂਦਰਾਂ ਤੇ ਵੱਡੀ ਪੱਧਰ ਤੇ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਰੋਸ਼ਨੀ, ਹੱਥ ਧੋਣ ਲਈ ਵਾਸਬੇਸ਼ਨ, ਸਾਬਣ ਸਮੇਤ ਹਰ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਮੇਕੇ ਪ੍ਰੋਜੈਕਟ ਡਾਇਰੈਕਟਰ ਆਤਮਾ, ਡਾ. ਅਮਨਦੀਪ ਕੇਸ਼ਵ, ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਦੀਪਕ ਕੁਮਾਰ ਸੋਨੂ, ਡਿਪਟੀ ਜਿਲ੍ਹਾ ਮੰਡੀ ਅਫਸਰ ਸ: ਜਗਰੂਪ ਸਿੰਘ ਸਮੇਤ ਖਰੀਦ ਏਜੰਸੀਆਂ, ਮਾਰਕਿਟ ਕਮੇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।