ਹਰਿੰਦਰ ਨਿੱਕਾ
- ਬਰਨਾਲਾ ਦੇ ਗੁਰਸੇਵਕ ਨਗਰ ਵਿੱਚ ਲੋੜਵੰਦਾਂ ਨੂੰ ਖੁਦ ਕੀਤੀ ਰਾਸ਼ਨ ਦੀ ਵੰਡ
ਬਰਨਾਲਾ, 4 ਅਪ੍ਰੈਲ 2020 - ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਬਰਨਾਲਾ ਸ਼ਹਿਰ ਵਿੱਚ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਦੇ ਕਾਰਜ ਦਾ ਅੱਜ ਜਾਇਜ਼ਾ ਲਿਆ।
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਮਾਰਟ ਰਾਸ਼ਨ ਕਾਰਡ ਸਕੀਮ ਤੋਂ ਵਾਂਝੇ ਰਹਿ ਗਏ ਪਰਿਵਾਰਾਂ ਨੂੰ ਮੁਫਤ ਰਾਸ਼ਨ ਦੀ ਵੰਡ ਜਾਰੀ ਹੈੈ ਤੇ ਇਸ ਰਾਸ਼ਨ ਦੀ ਵੰਡ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਕਰਵਾਈ ਜਾ ਰਹੀ ਹੈ। ਅੱਜ ਸ਼ਹਿਰ ਦੇ ਗੁਰਸੇਵਕ ਨਗਰ ਦੇ ਵਾਰਡ ਨੰਬਰ 20 ’ਚ ਰਾਸ਼ਨ ਦੀ ਵੰਡ ਦੌਰਾਨ ਡਿਪਟੀ ਕਮਿਸ਼ਨਰ ਨੇ ਇਸ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਲੋੜਵੰਦਾਂ ਨੂੰ ਖੁਦ ਰਾਸ਼ਨ ਦੀ ਵੰਡ ਵੀ ਕੀਤੀ। ਇਸ ਦੇ ਨਾਲ ਹੀ ਉਨਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ।
ਜ਼ਿਲ੍ਹੇ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਘਰੋ ਘਰੀ ਪਹੁੰਚਾਇਆ ਜਾ ਰਿਹਾ ਹੈ। ਕਰੋਨਾ ਵਾਇਰਸ ਤੋਂ ਬਚਾਅ ਲਈ ਉਹ ਲੋੜੀਂਦੇ ਇਹਤਿਆਤ ਜ਼ਰੂਰ ਵਰਤਣ। ਇਸ ਮੌਕੇ ਉਨਾਂ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਨੂੰ ਆਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਅਸਲ ਲੋੜਵੰਦ ਪਰਿਵਾਰ ਜ਼ਰੂਰੀ ਵਸਤਾਂ ਤੋਂ ਨਾ ਰਹਿ ਜਾਵੇ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਐਨਜੀਓਜ਼ ਤੇ ਦਾਨੀ ਸੰਸਥਾਵਾਂ ਦਾ ਵੀ ਭਰਪੂਰ ਸਹਿਯੋਗ ਮਿਲਿਆ ਹੈ , ਜੋ ਬਹੁਤ ਸ਼ਲਾਘਾਯੋਗ ਹੈ।