ਅਸ਼ੋਕ ਵਰਮਾ
- ਸਫਾਈ ਸੇਵਕਾਂ ਨੂੰ ਸੈਨੇਟਾਈਜ਼ਰ ਦੀ ਕੀਤੀ ਵੰਡ
ਮਾਨਸਾ, 12 ਅਪ੍ਰੈਲ 2020 - ਮਾਨਸਾ ਜ਼ਿਲੇ ਨੂੰ ਸਾਫ਼ ਸੁੰਦਰ ਦਿੱਖ ਪ੍ਰਦਾਨ ਕਰਨ ਅਤੇ ਲੋਕਾਂ ਨੂੰ ਕੂੜੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਈ ਰੱਖਣ ਵਿੱਚ ਸਫਾਈ ਸੇਵਕਾਂ ਦੀ ਬਹੁਤ ਹੀ ਅਹਿਮ ਭੁਮਿਕਾ ਹੈ। ਇਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਸਫਾਈ ਸੇਵਕਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨਾਂ ਨੂੰ ਹਾਰ ਪਾ ਕੇ ਸਨਮਾਨਿਤ ਕਰਨ ਮੌਕੇ ਕੀਤਾ।
ਸ਼੍ਰੀ ਅਖੰਡ ਪਰਮ ਧਾਮ ਸੁੰਦਰ ਕਾਂਡ ਸੰਸਥਾ ਵੱਲੋਂ ਸਮੂਹ ਸਫਾਈ ਸੇਵਕਾਂ ਨੂੰ ਹਾਰ ਪਾ ਕੇ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ, ਜਿਸ ਦੀ ਸ਼ੁਰੂਆਤ ਅੱਜ ਉਨਾਂ ਡਿਪਟੀ ਕਮਿਸ਼ਨਰ ਵੱਲੋਂ ਸਫਾਈ ਸੇਵਕਾਂ ਦੇ ਹਾਰ ਪੁਆ ਕੇ ਕੀਤੀ। ਇਸ ਮੌਕੇ ਸਫਾਈ ਸੇਵਕਾਂ ਨੂੰ ਸੈਨੇਟਾਈਜ਼ਰ ਵੀ ਦਿੱਤੇ ਗਏ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਕਿਹਾ ਕਿ ਇਹ ਸਫਾਈ ਸੇਵਕ ਰੋਜ਼ਾਨਾ ਤੜਕਸਾਰ ਹੀ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਇੱਕਠਾ ਕਰ ਕੇ ਲਿਆਉਂਦੇ ਹਨ, ਤਾਂ ਜੋ ਕਿਸੇ ਦੇ ਵੀ ਘਰਾਂ ਵਿੱਚ ਬਿਮਾਰੀ ਨਾ ਪਨਪ ਸਕੇ। ਉਨਾਂ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਹੁਣ ਇਨਾਂ ਦੀ ਡਿਊਟੀ ਹੋਰ ਵੀ ਸਖ਼ਤ ਹੋ ਗਈ ਹੈ ਪਰ ਇਹ ਸਫਾਈ ਸੇਵਕ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ ਅਤੇ ਸ਼ਹਿਰ ਨੂੰ ਸਾਫ਼-ਸੁੰਦਰ ਦਿੱਖ ਪ੍ਰਦਾਨ ਕਰ ਰਹੇ ਹਨ।
ਇਸ ਮੌਕੇ ਪ੍ਰਧਾਨ ਸ਼੍ਰੀ ਅਖੰਡ ਪਰਮ ਧਾਮ ਸੁੰਦਰ ਕਾਂਡ ਸੰਸਥਾ ਰਾਜੇਸ਼ ਠੇਕਦਾਰ, ਪ੍ਰਸ਼ੋਤਮ ਕੁਮਾਰ ਝੁਨੀਰ, ਤਰਸੇਮ ਸੇਮੀ ਅਤੇ ਕਮਿਊਨਿਟੀ ਫੈਸਿਲੀਟੇਟਰ ਨਗਰ ਕੌਂਸਲ ਮਾਨਸਾ ਜਸਵਿੰਦਰ ਸਿੰਘ ਮੌਜੂਦ ਸਨ।