- ਕਰੋਨਾ ਦੇ ਬਹਾਨੇ ਨਵ-ਉਦਾਰਵਾਦੀ ਏਜੰਡਾ ਲਾਗੂ ਕਰ ਰਹੀਆਂ ਹਨ ਸਰਕਾਰਾਂ
ਚੰਡੀਗੜ੍ਹ, 28 ਅਪ੍ਰੈਲ 2020 - ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਤਾਲਾਬੰਦੀ ਦੇ ਨਿਯਮਾਂ ਦਾ ਪਾਲਣ ਕਰਦਿਆ ਸੂਬੇ ਦੇ ਹਰ ਸੰਭਵ ਸਥਾਨਾਂ ’ਤੇ 1 ਮਈ ਨੂੰ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਮਜ਼ਦੂਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ।
ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ, ਮੀਤ ਪ੍ਰਧਾਨ ਕਰਨੈਲ ਸਿੰਘ ਗੁਰਦਾਸਪੁਰ, ਜਨਰਲ ਸਕੱਤਰ ਸਰਵਣ ਸਿੰਘ ਔਜਲਾ, ਸਹਾਇਕ ਸਕੱਤਰ ਗੁਰਮੀਤ ਸਿੰਘ ਕੋਟਲੀ ਅਤੇ ਵਿੱਤ ਸਕੱਤਰ ਜਸਵਿੰਦਰ ਸਿੰਘ ਨੇ ਇੱਥੇ ਬਿਆਨ ਜਾਰੀ ਕਰਦੇ ਕਿਹਾ ਕਿ ਵਿਸ਼ੇਸ਼ ਹਾਲਤਾਂ ਵਿਚ ਮਨਾਏ ਜਾ ਰਹੇ ਮਈ ਦਿਵਸ ਦੀ ਮਹੱਤਤਾ ਇਸ ਕਰਕੇ ਬਹੁਤ ਜਿਆਦਾ ਵਧ ਜਾਂਦੀ ਹੈ ਕਿਉਂਕਿ ਕੇਂਦਰ ਤੇ ਸੂਬਾ ਸਰਕਾਰਾਂ ਕੋਰੋਨਾ ਸੰਕਟ ਦੇ ਬਹਾਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਵਿਰਾਸਤ ਨਾਲ ਪ੍ਰਾਪਤ ਕੀਤੇ ਹੱਕਾਂ ਉੱਪਰ ਡਾਕਾ ਵਿੱਢ ਦਿੱਤਾ ਹੈ। ਇਸੇ ਬਹਾਨੇ ਸਰਕਾਰਾਂ ਆਪਣੇ ਕਾਰਪੋਰੇਟ ਪੱਖੀ ਨਵ ਉਦਾਰਵਾਦੀ ਏਜੰਡੇ ਨੂੰ ਬਹੁਤ ਤੇਜੀ ਨਾਲ ਲਾਗੂ ਕਰਨ ਲਈ ਉਤਾਵਲੀਆਂ ਹਨ।
ਸਰਕਾਰਾਂ ਨਿਰੋਲ ਠੇਕੇਦਾਰੀ ਸਿਸਟਮ ਲਾਗੂ ਕਰਕੇ ਕੰਮ ਦੇ ਨਿਸਚਿਤ 8 ਘੰਟਿਆਂ ਤੋਂ ਵਧਾ ਕੇ 12 ਘੰਟੇ ਕਰਨ ਦੀ ਤਿਆਰੀ ਕਰ ਰਹੀਆਂ ਹਨ। ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦਾ ਹੱਕ ਖੋਹਣ ਲਈ ਕਮਰਕੱਸੀ ਕਰ ਰਹੀਆਂ ਹਨ। ਮੁਲਾਜ਼ਮਾਂ ਦਾ ਡੀ.ਏ. ਜਾਮ ਕਰਨ, ਵਿੱਤੀ ਐਮਰਜੈਸੀ ਲਗਾ ਕੇ 50 ਸਾਲ ਦੀ ਉਮਰ ਵਾਲੇ ਮੁਲਾਜ਼ਮਾਂ ਨੂੰ ਸੇਵਾ ਮੁਕਤ ਕਰਨ ਦੀਆਂ ਵਿਉਤਾਂ ਘੜੇ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਕਾਮਿਆਂ ਨੂੰ ਰੈਗੂਲਰ ਤੇ ਕੰਟਰੈਕਟ ਬੇਸ ਤੇ ਮਗਨਰੇਗਾ ਮਜ਼ਦੂਰਾਂ ਵਾਂਗ ਕੇਵਲ 202 ਰੁਪਏ ਦਿਹਾੜੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਮੇਂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ, ਯੂਨੀਅਨ ਆਗੂਆਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਜ਼ੇਲਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ।
ਇਸ ਨਾਜੁਕ ਦੌਰ ਵਿਚ ਮਈ ਦਿਵਸ ਮਨਾਉਦਿਆਂ ਡੀ.ਟੀ.ਐਫ. ਮਈ ਦਿਵਸ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਉੱਚਾ ਕਰਨ ਅਤੇ ਸੰਘਰਸ਼ਾਂ ਦੇ ਅਖਾੜੇ ਮਘਾਉਣ ਦਾ ਹੋਕਾ ਦੇਵੇਗਾ। ਸੂਬਾਈ ਅਧਿਆਪਕ ਆਗੂਆਂ ਨੇ ਐਲਾਨ ਕੀਤਾ ਕਿ ਉਨਾਂ ਦੇ ਵਰਕਰ 1 ਮਈ ਨੂੰ ਪੰਜਾਬ ਭਰ ਵਿਚ ਹਰ ਸੰਭਵ ਸਥਾਨਾਂ ਤੇ ਸਮਾਜਿਕ ਦੂਰੀ ਬਣਾ ਕੇ ਅਤੇ ਹਰ ਸਾਵਧਾਨੀ ਵਰਤਦੇ ਹੋਏ 1 ਮਈ ਨੂੰ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਨਗੇ।
ਇਸ ਮੌਕੇ ਬਲਵੀਰ ਚੰਦ ਲੌਂਗੋਵਾਲ ਸੰਗਰੂਰ, ਹਰਦੇਵ ਸਿੰਘ ਮੁੱਲਾਂਪੁਰ ਲੁਧਿਆਣਾ, ਰੇਸ਼ਮ ਸਿੰਘ ਬਠਿੰਡਾ, ਸੁਖਵਿੰਦਰ ਸਿੰਘ ਸੁੱਖੀ ਫਰੀਦਕੋਟ, ਲਖਵੀਰ ਸਿੰਘ ਹਰੀਕੇ ਮੁਕਤਸਰ, ਪ੍ਰਮੋਦ ਸ਼ਰਮਾ ਕਪੂਰਥਲਾ, ਅਮਨਦੀਪ ਮਟਵਾਣੀ ਮੋਗਾ, ਗੁਰਮੀਤ ਸਿੰਘ ਕੋਟਲੀ ਜਲੰਧਰ, ਕਰਨੈਲ ਸਿੰਘ ਚਿੱਟੀ ਗੁਰਦਾਸਪੁਰ, ਸੰਜੇ ਕੁਮਾਰ ਪਠਾਨਕੋਟ, ਅਵਤਾਰ ਲੰਗੇਰੀ ਹੁਸ਼ਿਆਰਪੁਰ, ਰਾਜਦੀਪ ਸਿੰਘ ਫਿਰੋਜਪੁਰ ਸਮੇਤ ਸਮੂਹ ਸੂਬਾ ਅਤੇ ਜ਼ਿਲਾ ਆਗੂਆਂ ਨੇ ਆਪਣੇ ਜ਼ਿਲਾ ਕਾਡਰਾਂ ਨੂੰ ਮਈ ਦਿਵਸ ਮਨਾਉਣ ਦਾ ਸੱਦਾ ਦਿੱਤਾ।