ਅਸ਼ੋਕ ਵਰਮਾ
ਬਠਿੰਡਾ, 13 ਅਪੈ੍ਲ 2020: ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਦੀ ਜਿਲਾ ਇਕਾਈ ਬਠਿੰਡਾ ਵੱਲੋਂ ਜਿਲਾ ਸਿੱਖਿਆ ਅਫਸਰ ਬਠਿੰਡਾ ਦੁਆਰਾ ਪੱਤਰ ਜਾਰੀ ਕਰਕੇ ਜਿਲੇ ਦੇ ਸਮੂਹ ਪਿ੍ਰੰਸੀਪਲ, ਮੁੱਖ ਅਧਿਆਪਕਾਂ ,ਹੈੱਡ ਟੀਚਰਜ ਨੂੰ ਵਿਦਿਆਰਥੀਆਂ ਨੂੰ ਕੁਕਿੰਗ ਕੀਮਤ ਦੇ 107 ਰੁਪਏ ਉਨਾਂ ਦੇ ਬੈੰਕ ਖਾਤਿਆਂ ਵਿੱਚ ਪਾਉਣ ਅਤੇ ਇੱਕ ਮਹੀਨੇ ਦਾ ਰਾਸ਼ਨ 700 ਗਰਾਮ ਬੱਚਿਆਂ ਨੂੰ ਵੰਡਣ ਦੇ ਹੁਕਮਾਂ ਨੂੰ ਗਰੀਬ ਵਿਦਿਆਰਥੀਆਂ ਨਾਲ ਇਸ ਕਰੋਨਾ ਦੀ ਮਹਾਂਮਾਰੀ ਦੌਰਾਨ ਇੱਕ ਕੌਝਾ ਮਜਾਕ ਕਰਾਰ ਦਿੱਤਾ। ਜੱਥੇਬੰਦੀ ਦੇ ਜਿਲਾ ਪ੍ਰਧਾਨ ਰੇਸ਼ਮ ਸਿੰਘ ,ਸਕੱਤਰ ਬਲਜਿੰਦਰ ਸਿੰਘ ,ਵਿੱਤ ਸਕੱਤਰ ਬਲਵਿੰਦਰ ਸ਼ਰਮਾਂ ਨੇ ਕਿਹਾ ਕੀ ਜੱਥੇਬੰਦੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਜਿਲਾ ਸਿੱਖਿਆ ਅਫਸਰ ਬਠਿੰਡਾ ਨੂੰ ਈ-ਮੇਲ ਕਰਕੇ ਮੰਗ ਕੀਤੀ ਹੈ ਕਿ ਕਰੋਨਾ ਵਰਗੀ ਮਹਾਂਮਾਰੀ ਦੇ ਸਮੇਂ ਦੌਰਾਨ ਪੂਰੇ ਦੇਸ਼ ਭਰ ਵਿੱਚ ਲਾਕਡਾਊਨ ਚੱਲ ਰਿਹਾ ਹੈ ਇਹ ਹੁਕਮ ਲਾਗੂ ਕਰਨ ਵਿੱਚ ਵਿਹਾਰਕ ਤੌਰ ਤੇ ਇਸ ਤਰਾਂ ਕਰਨ ਨਾਲ ਸਮਾਜਿਕ ਵਿੱਥ ਬਣਾ ਕੇ ਰੱਖਣ ਦੇ ਨਿਯਮ ਦੀ ਉਲੰਘਣਾ ਹੋਵੇਗੀ।
ਉਨਾਂ ਕਿਹਾ ਕਿ ਜੋ ਰਾਸ਼ੀ ਅਤੇ ਰਾਸ਼ਨ ਦੀ ਮਾਤਰਾ ਵੰਡਣ ਲਈ ਕਿਹਾ ਗਿਆ ਹੈ ਉਹ ਬਹੁਤ ਹੀ ਨਿਗੂਣੀ ਹੈ , ਲੱਗਭੱਗ ਅਰਥਹੀਣ ਹੈ । ਉਨਾਂ ਕਿਹਾ ਕਿ ਤੁਹਾਡੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦੇ ਹਾਂ ਕਿ ਜਿੁੰਮੇਵਾਰ ਨਾਗਰਿਕ ਹੋਣ ਦੇ ਨਾਤੇ ਪਹਿਲਾਂ ਹੀ ਸਮੂਹ ਅਧਿਆਪਕ ਵਰਗ ਜਥੇਬੰਦੀ ਦੇ ਸੱਦੇ ਤੇ ਪਹਿਲਕਦਮੀ ਕਰਦਿਆਂ ਰਾਸ਼ੀ ਇਕੱਠੀ ਕਰਕੇ ਬੱਚਿਆਂ ਦੇ ਮਾਪਿਆਂ ਤੱਕ ਰਾਸ਼ਨ ਪਹੁੰਚਾਉਣ ਦੇ ਯਤਨ ਕਰ ਰਹੇ ਹਾਂ ਅਤੇ ਪ੍ਰਸਾਸ਼ਨ ਨਾਲ ਅਰਥਭਰਪੂਰ ਮਦਦ ਕਰਨ ਦੇ ਅਮਲ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ । ਉਨਾਂ ਕਿਹਾ ਕਿ ਅਜਿਹੇ ਨੁਕਤਿਆਂ ਨੂੰ ਵਿਚਾਰ ਅਧੀਨ ਲਿਆ ਕੇ ਇਨਾਂ ਹੁਕਮਾਂ ਨੂੰ ਹਾਲਤਾਂ ਨੂੰ ਆਮ ਵਰਗੀਆਂ ਹੋਣ ਤੱਕ ਅੱਗੇ ਪਾਇਆ ਜਾਵੇ ।
ਜੱਥੇਬੰਦੀ ਦੇ ਸੂਬਾ ਕਮੇਟੀ ਮੈਂਬਰਾਂ ਨਵਚਰਨਪ੍ਰੀਤ ਅਤੇ ਜਸਵਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਜੇਕਰ ਮਹਿਕਮੇ ਲਈ ਇਹ ਅਤਿ ਜ਼ਰੂਰੀ ਅਤੇ ਨਾ ਟਾਲਣਯੋਗ ਹੈ ਤਾਂ ਪੁਰਜ਼ੋਰ ਮੰਗ ਹੈ ਕਿ ਕਰੋਨਾ ਤੋਂ ਬਚਾਅ ਲਈ ਸਕੂਲਾਂ ਵਿੱਚ ਮਿੱਡ ਡੇ ਮੀਲ ਦਾ ਰਾਸ਼ਨ ਵੰਡਣ ਲਈ ਅਧਿਆਪਕਾਂ ਵਾਸਤੇ ਪ੍ਰਬੰਧ ਕੀਤੇ ਜਾਣ , ਜਿਸ ਵੀ ਅਧਿਆਪਕ ਦੀ ਜਾਂ ਸਕੂਲ ਮੁਖੀ ਦੀ ਡਿਊਟੀ ਲੱਗਦੀ ਹੈ ਉਸ ਦਾ ਕਰੋਨਾ ਸਬੰਧੀ ਟੈਸਟ ਕਰਵਾਇਆ ਜਾਵੇ , ਅਧਿਆਪਕਾਂ ਨੂੰ ਪੀ.ਪੀ.ਈ.ਕਿਟਾੰ ਸੈਨੇਟਾਈਜ਼ਰ , ਦਸਤਾਨੇ ਅਤੇ ਮਾਸਕ ਦਿੱਤੇ ਜਾਣ ।
ਬਲਾਕ ਪ੍ਰਧਾਨ ਭੁਪਿੰਦਰ ਸਿੰਘ ,ਭੋਲਾਰਾਮ,ਅੰਗਰੇਜ ਸਿੰਘ , ਰਾਜਵਿੰਦਰ ਜਲਾਲ,ਕੁਲਵਿੰਦਰ ਸਿੰਘ ,ਰਨਤਜੋਤ ਸ਼ਾਰਮਾ ਨੇ ਕਿਹਾ ਕਿ ਰਾਸ਼ਨ ਵੰਡਣ ਜਾ ਰਹੇ ਅਧਿਆਪਕਾਂ ਦੀ ਸੁਰੱਖਿਆ ਲਈ ਪੁਲਸ ਮੁਲਾਜ਼ਮ ਮੁਹੱਈਆ ਕਰਵਾਏ ਜਾਣ ਭਾਰਤ ਸਰਕਾਰ ਦੀ ਤਰਜ਼ ਤੇ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਅਧਿਆਪਕਾਂ ਦਾ ਵੀ ਪੰਜਾਹ ਲੱਖ ਤੱਕ ਦਾ ਬੀਮਾ ਕਰਵਾਇਆ ਜਾਵੇ । ਜਿਲਾ ਕਮੇਟੀ ਮੈਂਬਰਾਂ ਬਲਜਿੰਦਰ ਕੌਰ,ਪਰਵਿੰਦਰ ਸਿੰਘ , ਗੁਰਪ੍ਰੀਤ ਖੇਮੂਆਣਾ,ਹਰਮੰਦਰ ਸਿੰਘ ਗਿੱਲ,ਮਨਜੀਤ ਸਿੰਘ ਬਾਜਕ, ਬੱਗਾ ਸਿੰਘ ਅਤੇ ਜਸਵਿੰਦਰ ਬੌਕਸਰ ਨੇ ਮੰਗ ਕੀਤੀ ਕਿ ਵੰਡਣ ਵਾਲਾ ਰਾਸ਼ਨ ਲਿਫਾਫਿਆਂ ਵਿਚ ਪੈਕ ਕਰਵਾ ਕੇ ਸਕੂਲਾਂ ਅਤੇ ਅਧਿਆਪਕਾਂ ਤੱਕ ਪਹੁੰਚਦਾ ਕੀਤਾ ਜਾਵੇ , ਅਧਿਆਪਕਾਂ ਨੂੰ ਸਕੂਲ ਤੱਕ ਪਹੁੰਚਾਉਣ, ਘਰੋ ਘਰੀ ਰਾਸ਼ਨ ਵੰਡਣ ਅਤੇ ਸਕੂਲੋਂ ਵਾਪਸ ਘਰਾਂ ਤੱਕ ਪਹੁੰਚਾਉਣ ਲਈ ਸਰਕਾਰੀ ਸਾਧਨ ਮੁਹੱਈਆ ਕਰਵਾਏ ਜਾਣ । ਕਰਫਿਊ ਨੂੰ ਦੇਖਦੇ ਹੋਏ ਰਾਸ਼ਨ ਕੇਵਲ ਗ਼ਰੀਬ ਬੱਚਿਆਂ ਤੱਕ ਹੀ ਨਹੀਂ ਗਰੀਬ ਬੱਚਿਆਂ ਦੇ ਮਾਪਿਆਂ ਤੱਕ ਪਹੁੰਚਦਾ ਕਰਨ ਲਈ ਅਨਾਜ ਦੀ ਮਿਕਦਾਰ ਨੂੰ ਵਧਾਇਆ ਜਾਵੇ