ਚੰਡੀਗੜ੍ਹ, 18 ਅਪ੍ਰੈਲ 2020: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ, ਕਿਰਤ ਵਿਭਾਗ ਨੇ ਅੱਜ ਰਜਿਸਟਰਡ ਕਿਰਤੀਆਂ ਲਈ 90 ਕਰੋੜ ਰੁਪਏ ਦੀ ਅੰਤਰਿਮ ਰਾਹਤ ਦੀ ਦੂਜੀ ਕਿਸ਼ਤ ਜਾਰੀ ਕੀਤੀ। ਡੀਬੀਟੀ ਦੇ ਜ਼ਰੀਏ 2,82,576 ਰਜਿਸਟਰਡ ਉਸਾਰੀ ਕਿਰਤੀਆਂ ਦੇ ਸੇਵਿੰਗ ਬੈਂਕ ਖਾਤਿਆਂ ਵਿਚ ਹਰੇਕ ਨੂੰ 3,000 ਰੁਪਏ ਟ੍ਰਾਂਸਫਰ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤ ਅਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਬਿਮਾਰੀ (ਕੋਵਿਡ-19) ਨੇ ਸਾਡੇ ਦੇਸ਼ ਸਮੇਤ ਪੂਰੀ ਦੁਨੀਆ ਆਪਣੀ ਪਕੜ ਵਿਚ ਲੈ ਲਿਆ ਹੈ। ਇਸ ਲਈ ਉਸਾਰੀ ਕਿਰਤੀਆਂ ਨੂੰ ਬਿਨਾਂ ਕੰਮ ਅਤੇ ਮਜ਼ਦੂਰੀ ਦੇ ਘਰ ਰਹਿਣਾ ਪਏਗਾ। ਜੇਕਰ ਉਸਾਰੀ ਕਿਰਤੀਆਂ ਨੂੰ ਕੰਮ ਤੇ ਤਨਖਾਹ ਨਹੀਂ ਮਿਲਦੀ ਤਾਂ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੀਵਨ ਨਿਰਬਾਹ ਖਤਰੇ ਵਿੱਚ ਪੈ ਜਾਵੇਗਾ। ਉਸਾਰੀ ਮਜ਼ਦੂਰਾਂ ਦੇ ਕੰਮ ਦੀ ਪ੍ਰਕਿਰਤੀ ਨੂੰ ਵੇਖਦਿਆਂ ਉਨ੍ਹਾਂ ਕਿਹਾ ਕਿ ਕਿਰਤੀ ਕਰਫਿਊ ਦੀਆਂ ਪਾਬੰਦੀਆਂ ਦੌਰਾਨ ਘਰੋਂ ਤੋਂ ਕੰਮ ਨਹੀਂ ਕਰ ਪਾਉਂਦੇ ਇਸ ਲਈ ਪੰਜਾਬ ਸਰਕਾਰ ਹਰ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਰਾਹਤ ਪ੍ਰਦਾਨ ਕਰ ਰਹੀ ਹੈ।