ਲੋਕੇਸ਼ ਰਿਸ਼ੀ
ਗੁਰਦਾਸਪੁਰ, 11 ਅਪ੍ਰੈਲ 2020 - ਸ਼ਨਿੱਚਰ ਵਾਰ ਨੂੰ ਡਿਪਟੀ ਸਨਿਚਰਵਾਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵੱਲੋਂ ਵੀਡੀਓ ਕਾਨਫ਼ਰੰਸ ਰਾਹੀਂ ਜ਼ਿਲ੍ਹਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੇ ਗਏ ਇਸ ਉਪਰਾਲੇ ਦੌਰਾਨ ਆਮ ਲੋਕਾਂ ਨੇ ਆਪਣੇ ਘਰਾਂ ਵਿਖੇ ਹੀ ਬੈਠ ਕੇ ਡਿਪਟੀ ਕਮਿਸ਼ਨਰ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਨੂੰ ਰੋਜ਼ਾਨਾ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਜਦੋਂ ਕਿ ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਇਹਨਾਂ ਸਾਰੀਆਂ ਸ਼ਿਕਾਇਤਾਂ ਦੇ ਹੱਲ ਲਈ ਮੌਕੇ ਤੇ ਹੀ ਲੋੜੀਂਦੇ ਆਰਡਰ ਜਾਰੀ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ।
ਇਸ ਮੌਕੇ ਸਥਾਨਕ ਪਿੰਡ ਅਵਾਖਾਂ ਤੋਂ ਭੁਪੇਸ਼ ਚੰਦਰ, ਕਸਬਾ ਹਰਚੋਵਾਲ ਵਾਸੀ ਨਵਤੇਜ ਸਿੰਘ, ਮੰਨੂੰ ਸ਼ਰਮਾ ਵਾਸੀ ਗੁਰਦਾਸਪੁਰ, ਕਸਬਾ ਨੌਸ਼ਹਿਰਾ ਮੱਝਾ ਸਿੰਘ ਵਾਸੀ ਰਵੀਬਕਸ਼ ਸਿੰਘ ਅਤੇ ਮੁਨੀਸ਼ ਕੁਮਾਰ ਸਮੇਤ ਹੋਰ ਲੋਕਾਂ ਵੱਲੋਂ ਆਪਣੀਆਂ ਮੁਸ਼ਕਲਾਂ ਵਿੱਚ ਸੋਸ਼ਲ ਡਿਸਟੈਂਸ, ਲੋਕਾਂ ਵੱਲੋਂ ਬਿਨਾ ਕੰਮ ਬਾਹਰ ਟਹਿਲਣ ਅਤੇ ਮਨਰੇਗਾ ਸਕੀਮ ਦੀ ਅਦਾਇਗੀ ਸਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ।
ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਕਰਨ ਮਗਰੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ। ਕਿ ਜ਼ਿਲ੍ਹਾ ਵਾਸੀ ਵੀਡੀਓ ਕਾਨਫ਼ਰੰਸ ਰਾਹੀਂ ਉਨ੍ਹਾਂ ਨਾਲ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰ ਰਹੇ ਅਤੇ ਸੁਝਾਅ ਦੇ ਰਹੇ ਹਨ।
ਜਿਸ ਤੋਂ ਸਪਸ਼ਟ ਹੈ ਕਿ ਲੋਕ ਜਾਗਰੂਕ ਹਨ ਅਤੇ ਕੋਰੋਨਾ ਵਾਇਰਸ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਖੜੇ ਹਨ। ਉਨ੍ਹਾਂ ਨੇ ਕਿਹਾ ਕਿ ਕਰਫ਼ਿਊ ਲਗਾਉਣ ਦਾ ਮੁੱਖ ਮੰਤਵ ਸੋਸ਼ਲ ਡਿਸਟੈਂਸ ਨੂੰ ਬਣਾ ਕੇ ਰੱਖਣਾ ਹੈ ਅਤੇ ਇਸ ਸਬੰਧੀ ਕਿਸੇ ਵੀ ਤਰਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੌਕੇ ਤੇ ਫ਼ੋਨ ਕਰਕੇ ਪੁਲਿਸ ਅਧਿਕਾਰੀਆਂ ਨੂੰ ਜ਼ਿਲ੍ਹੇ ਅੰਦਰ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਲਈ ਕਿਹਾ ਅਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਮਾਸਕ ਜ਼ਰੂਰ ਲਗਾਉਣ, ਆਪਸ ਵਿਚ 02 ਮੀਟਰ ਦੇ ਦੂਰੀ ਬਣਾ ਕੇ ਰੱਖਣ ਅਤੇ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ ਤੇ ਘਰਾਂ ਵਿਚ ਰਹਿਣ।
ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਘਰਾਂ ਤਕ ਨਿਰਵਿਘਨ ਯਕੀਨੀ ਬਣਾਈ ਗਈ ਹੈ ਅਤੇ ਲੋਕ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਕਿਸੇ ਵੀ ਮੁਸ਼ਕਿਲ ਖ਼ਾਸ ਕਰਕੇ ਜੋ ਲੋਕ ਬਿਨਾਂ ਮਤਲਬ ਘਰਾਂ ਤੋਂ ਬਾਹਰ ਖੜੇ ਹਨ ਜਾਂ ਕਰਫ਼ਿਊ ਦੀ ਉਲੰਘਣਾ ਕਰ ਰਹੇ ਹਨ ਤਾਂ ਉਨ੍ਹਾਂ ਦੀ ਫ਼ੋਟੋ ਖਿੱਚ ਕੇ ਵਟਸਐਪ ਨੰਬਰ 70099-89791 ਤੇ ਭੇਜਣ।