ਹਰੀਸ਼ ਕਾਲੜਾ
- ਮੰਡੀਆਂ ਵਿੱਚ ਕਾਮਿਆਂ ਦੇ ਲਈ ਮਾਸਕ , ਸਾਫ ਪਾਣੀ ਦਾ ਪ੍ਰਬੰਧ ਅਤੇ ਸੋਸ਼ਲ ਡਿਸਟੈਂਸ ਨੂੰ ਬਣਾਇਆ ਜਾਵੇ ਯਕੀਨੀ
ਨੰਗਲ/ਨੂਰਪੁਰ ਬੇਦੀ, 14 ਅਪ੍ਰੈਲ 2020 - ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਤਖਤਗੜ੍ਹઠ ਅਤੇ ਨੰਗਲ ਕਣਕ ਮੰਡੀ ਦਾ ਦੌਰਾ ਕਰਕੇ ਮੰਡੀਆਂ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਦੇ ਐਸ.ਡੀ.ਐਮ. ਮੈਡਮ ਕੰਨੂ ਗਰਗ ਅਤੇ ਐਸ.ਡੀ.ਐਮ. ਐਚ.ਐਸ. ਅਟਵਾਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆੜ੍ਹਤੀਆਂ ਵਲੋਂ ਹੀ ਕਿਸਾਨਾਂ ਨੂੰ ਵਿਸ਼ੇਸ਼ ਕੂਪਨ ਜਾਰੀ ਕੀਤੇ ਜਾਣਗੇ ਅਤੇ ਇਹੀ ਕੂਪਨ ਉਨ੍ਹਾਂ ਲਈ ਕਰਫ਼ਿਊ ਪਾਸ ਹੋਣਗੇ।
ਆੜਤੀਆਂ ਵੱਲੋਂ ਜਾਰੀ ਕੀਤੇ ਗਏ ਕੂਪਨਾਂ ਵਿੱਚ ਕਣਕ ਮੰਡੀ ਜਿਸ ਵਿੱਚ ਫਸਲ ਲੈ ਕੇ ਆਉਣੀ ਹੈ ਉਸਦਾ ਨਾਂਮ, ਤਾਰੀਖ ਦਰਜ ਕੀਤਾ ਜਾਵੇਗਾ। ਆੜਤੀਏ ਵੱਲੋਂ ਜਾਰੀ ਕੀਤੇ ਗਏ ਕੂਪਨ ਵਿੱਚ ਦਰਜ ਤਾਰੀਖ ਵਾਲੇ ਦਿਨ ਹੀ ਕਿਸਾਨ ਆਪਣੀ ਫਸਲ ਲਿਆ ਸਕਣਗੇ। ਜੇਕਰ ਕਿਸਾਨਾਂ ਵੱਲੋਂ ਉਸ ਦਿਨ ਫਸਲ ਨਾ ਲਿਆਂਦੀ ਗਈ ਤਾਂ ਉਸ ਦਿਨ ਤੋਂ ਬਾਅਦ ਕੂਪਨ ਰੱਦ ਹੋ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਇਸ ਗੱਲ ਦਾ ਧਿਆਨ ਰੱਖਣ ਕਿ ਗਿੱਲੀ ਕਣਕ ਬਿਲਕੁੱਲ ਵੀ ਮੰਡੀਆਂ ਵਿੱਚ ਨਾ ਲੈ ਕੇ ਆਉਣ ਜੇਕਰ ਕਿਸਾਨ ਨਿਰਧਾਰਿਤ ਕੀਤੇ ਗਏ ਮਾਪਦੰਡਾਂ ਤੋਂ ਵੱਧ ਨਮੀ ਵਾਲੀ ਕਣਕ ਮੰਡੀ ਵਿੱਚ ਲੈ ਕੇ ਆਉਣਗੇ ਤਾਂ ਉਨ੍ਹਾਂ ਨੂੰ ਉਸੇ ਸਮੇਂ ਵਾਪਿਸ ਭੇਜ਼ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੇ ਨਾਲ ਹੋਰ ਵਿਅਕਤੀ ਨਾ ਲੈ ਕੇ ਆਉਣ ਕੇਵਲ ਇੱਕ ਕਿਸਾਨ ਨੂੰ ਹੀ ਮੰਡੀ ਵਿੱਚ ਆਉਣ ਦੀ ਇਜ਼ਾਜ਼ਤ ਹੋਵੇਗੀ। ਉਨ੍ਹਾਂ ਨੇ ਕਿਹਾ ਮੰਡੀਆਂ ਦੇ ਵਿੱਚ ਲੋਕਲ ਲੇਬਰ ਲਗਾਈ ਜਾਵੇ ਜੇਕਰ ਬਾਹਰਲੀ ਲੇਬਰ ਮੰਡੀਆਂ ਵਿੱਚ ਆਵੇਗੀ ਤਾਂ ਕਰਫਿਊ ਦੇ ਨਿਯਮਾਂ ਦਾ ਉਲੰਘਣ ਹੋਵੇਗਾ । ਉਨ੍ਹਾ ਨੇ ਕਿਹਾ ਕਿ ਮੰਡੀਆਂ ਵਿੱਚ ਕਾਮਿਆਂ ਦੇ ਲਈ ਮਾਸਕ , ਸਾਫ ਪਾਣੀ ਦਾ ਪ੍ਰਬੰਧ ਅਤੇ ਸੋਸ਼ਲ ਡਿਸਟੈਂਸ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਾਰਵੈਸਟਰ ਕੰਬਾਈਨਾਂ ਦੁਆਰਾ ਕਣਕ ਦੀ ਕਟਾਈ ਸਿਰਫ਼ ਦਿਨ ਦੇ ਸਮੇਂ ਦੌਰਾਨ ਸਵੇਰੇ 6:00 ਵਜੇ ਤੋਂ ਸ਼ਾਮ 7:00 ਵਜੇ ਤੱਕ ਸੀਮਤ ਰੱਖੀ ਗਈ ਹੈ ਅਤੇ ਰਾਤ ਦੇ ਸਮੇਂ ਦੌਰਾਨ ਸ਼ਾਮ 7:00 ਤੋਂ ਸਵੇਰੇ 6:00 ਵਜੇ ਤੱਕ ਕਟਾਈ ਕਰਨ ਤੇ ਪੂਰਨ ਪਾਬੰਦੀ ਹੈ।