← ਪਿਛੇ ਪਰਤੋ
ਸੋਮਵਾਰ ਨੂੰ ਪਰਤੇ 50 ਸ਼ਰਧਾਲੂ ਅਸ਼ੋਕ ਵਰਮਾ ਬਠਿੰਡਾ, 27 ਅਪ੍ਰੈਲ 2020: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਨਾਲ ਤਾਲਮੇਲ ਕਰਕੇ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਰਾਹਦਾਰੀ ਦੀ ਵਿਵਸਥਾ ਕਰਨ ਤੋਂ ਬਾਅਦ ਲਗਾਤਾਰ ਸ਼ਰਧਾਲੂ ਪੰਜਾਬ ਪਰਤ ਰਹੇ ਹਨ। ਐਤਵਾਰ ਅਤੇ ਸੋਮਵਾਰ ਦੀ ਵਿਚਕਾਰਲੀ ਰਾਤ 17 ਵਾਹਨਾਂ ਰਾਹੀਂ 251 ਲੋਕ ਬਠਿੰਡਾ ਰਾਸਤਿਓ ਸੂਬੇ ਵਿਚ ਦਾਖਲ ਹੋਏ।ਇੰਨ੍ਹਾਂ ਵਿਚੋਂ ਜਿਆਦਾਤਰ ਸ੍ਰੀ ਅੰਮਿਤਸਰ ਸਾਹਿਬ ਜਿ਼ਲ੍ਹੇ ਨਾਲ ਸਬੰਧਤ ਸਨ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਸੰਗਤ ਦਾ ਪੰਜਾਬ ਦੇ ਹਰਿਆਣਾ ਨਾਲ ਲਗਦੇ ਡੂਮਵਾਲੀ ਬਾਰਡਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਸਵਾਗਤ ਕੀਤਾ ਅਤੇ ਇੰਨ੍ਹਾਂ ਦੇ ਮੁੱਢਲੇ ਮੈਡੀਕਲ ਚੈਕਅੱਪ ਤੋਂ ਬਾਅਦ ਇੰਨ੍ਹਾਂ ਨੂੰ ਇੰਨ੍ਹਾਂ ਦੇ ਪਿਤਰੀ ਜਿ਼ਲ੍ਹਿਆਂ ਲਈ ਰਵਾਨਾ ਕੀਤਾ ਗਿਆ।ਇਸ ਮੌਕੇ ਬਠਿੰਡਾ ਦੇ ਐਸਡੀਐਮ ਸ: ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਸਵਾਗਤ ਲਈ ਲਗਾਤਾਰ ਬਾਰਡਰ ਤੇ ਤਾਇਨਾਤ ਹਨ। ਇਸ ਤੋਂ ਬਿਨ੍ਹਾਂ ਸੋਮਵਾਰ ਦੇਰ ਰਾਤ ਤੱਕ 13 ਵਾਹਨਾਂ ਰਾਹੀਂ ਵੱਖ ਵੱਖ ਜਿ਼ਲ੍ਹਿਆਂ ਨਾਲ ਸਬੰਧਤ ਹੋਰ 467 ਵਿਅਕਤੀ ਵੀ ਪੰਜਾਬ ਪਰਤ ਰਹੇ ਹਨ। ਇਸ ਮੌਕੇ ਫਿਰੋਜਪੁਰ ਜਿ਼ਲ੍ਹੇ ਦੇ ਮੱਖੂ ਦੇ ਯਾਤਰੀ ਜ਼ਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਲਈ ਪਾਸ ਮੁਹਈਆ ਕਰਵਾਏ ਗਏ ਜਿਸ ਨਾਲ ਉਨ੍ਹਾਂ ਦੀ ਵਾਪਸੀ ਸੰਭਵ ਹੋਈ। ਉਸਨੇ ਦੱਸਿਆ ਕਿ ਉਹ 21 ਮਾਰਚ ਨੂੰ ਨਾਂਦੇੜ ਸਾਹਿਬ ਵਿਖੇ ਗਏ ਸਨ ਪਰ ਕਰਫਿਊ ਕਾਰਨ ਉਥੇ ਹੀ ਫਸ ਗਏ ਸਨ।ਯਾਤਰੀਆਂ ਨੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿੱਜੀ ਰੂਚੀ ਲੈ ਕੇ ਭਾਰਤ ਸਰਕਾਰ ਅਤੇ ਮਹਾਰਾਸਟਰ ਸਰਕਾਰ ਤੱਕ ਤਾਲਮੇਲ ਕਰਕੇ ਉਨ੍ਹਾਂ ਦੀ ਵਾਪਸੀ ਲਈ ਰਾਹ ਪੱਧਰਾ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇੱਥੇ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਤੋਂ 80 ਸਰਕਾਰੀ ਬੱਸਾਂ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਲੈਣ ਲਈ ਵੱਖਰੇ ਤੌਰ ਭੇਜੀਆਂ ਗਈਆਂ ਹਨ ਜਿੰਨ੍ਹਾਂ ਵਿਚੋਂ 79 ਨਾਂਦੇੜ ਪਹੁੰਚ ਗਈਆਂ ਹਨ।ਜਦ ਕਿ ਇਕ ਬੱਸ ਰਾਸਤੇ ਵਿਚ ਇੰਦੋਰ ਤੋਂ ਤਰਨਤਾਰਨ ਦੀਆਂ 33 ਸਵਾਰੀਆਂ ਲੈ ਕੇ ਮੁੜੀ ਹੈ ਕਿਉਂਕਿ ਉਹ ਜਿਸ ਬੱਸ ਵਿਚ ਆ ਰਹੇ ਸਨ ਉਹ ਇੰਦੋਰ ਕੋਲ ਖਰਾਬ ਹੋ ਗਈ ਸੀ।ਇਸ ਤੋਂ ਬਿਨ੍ਹਾਂ 17 ਯਾਤਰੀ ਸੰਗਰੂਰ ਜਿ਼ਲ੍ਹੇ ਨਾਲ ਸਬੰਧਤ ਪਰਤੇ।
Total Responses : 267