ਅਸ਼ੋਕ ਵਰਮਾ
ਬਠਿੰਡਾ, 21 ਅਪਰੈਲ 2020 - ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦਾ ਬਹਾਨਾ ਬਣਾ ਕੇ ਸਮੁੱਚੇ ਬਿਜਲੀ ਮੁਲਾਜਮਾਂ ਦੀਆਂ ਤਨਖਾਹਾਂ ’ਚ ਕਟੌਤੀ ਕਰਨ ਵਿਰੁੱਧ ਬਿਜਲੀ ਮੁਲਾਜਮਾਂ ਦੀ ਜੱਥੇਬੰਦੀ ਨੇ ਮੁਲਾਜਮਾਂ ਨੂੰ ਇੱਕ ਮੰਚ ’ਤੇ ਇੱਕਠਾ ਹੋਣ ਦਾ ਸੱਦਾ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਜੱਥੇਬੰਦੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।
ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪ੍ਰਧਾਨ ਬਲਜਿੰਦਰ ਸ਼ਰਮਾਂ,ਮੀਤ ਪ੍ਰਧਾਨ ਹਰਜਿੰਦਰ ਸਿੰਘ ਨਥਾਣਾ,ਸੱਕਤਰ ਨੱਛਤਰ ਸਿੰਘ ਤਲਵੰਡੀ ਸਾਬੋ,ਮੀਤ ਸਕੱਤਰ ਮੋਹਨ ਲਾਲ ਅਤੇ ਖਜਾਨਚੀ ਭੀਮ ਸੈਨ ਆਦਿ ਨੇ ਦੱਸਿਆ ਕਿ ਅਪਰੈਲ,ਮਈ,ਜੂਨ ਮਹੀਨੇ ਦੀਆਂ ਤਨਖਾਹਾਂ ਵਿੱਚੋਂ ਕੈਟਾਗਿਰੀ ਏ ਅਤੇ ਬੀ ਲਈ 30 ਫੀਸਦੀ, ਕੈਟਾਗਿਰੀ ਸੀ ਲਈ 20 ਫੀਸਦੀ ਅਤੇ ਕੈਟਾਗਿਰੀ ਡੀ ਲਈ 10 ਫੀਸਦੀ ਕਟੌਤੀਆਂ ਕਰਵਾਉਣ ਲਈ ਮਹਿਕਮੇ ਵੱਲੋਂ ਸਹਿਮਤੀਆਂ ਮੰਗੀਆਂ ਜਾ ਰਹੀਆਂ ਅਤੇ ਸਹਿਮਤੀਆਂ ਨਾ ਦੇਣ ਦੀ ਸਰਤ ’ਚ ਜਬਰੀ ਤਨਖਾਹਾਂ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਸਮੁੱਚੇ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪ੍ਰਧਾਨ ਬਲਜੀਤ ਸਿੰਘ, ਹਰਬੰਸ ਸਿੰਘ, ਰਾਮ ਲਾਲ, ਅੰਗਰੇਜ ਸਿੰਘ,ਅਸ਼ੋਕ ਕੁਮਾਰ ਅਤੇ ਨਗਿੰਦਰ ਪਾਲ ਨੇ ਕਿਹਾ ਕਿ ਪਾਵਰਕੌਮ ਦੀ ਮੁਲਾਜਮਾਂ ਪ੍ਰਤੀ ਸਖਤ ਭਾਵਨਾ ਦੀ ਜੱਥੇਬੰਦੀ ਪੂਰਨ ਤੌਰ ਤੇ ਨਿਖੇਧੀ ਕਰਦੀ ਹੈ ਅਤੇ ਜੋ ਸਰਕਾਰ ਵੱਲੋਂ ਮੁਲਾਜਮਾਂ ਵਿਰੁੱਧ ਫੈਸਲਾ ਲਿਆ ਜਾ ਰਿਹਾ ਹੈ ਉਸ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਆਖਿਆ ਕਿ ਇਸ ਮਹਾਂਮਾਰੀ ਦੌਰਾਨ ਮੁਲਾਜਮ ਜਿੰਦਗੀ ਨੂੰ ਜੋਖਮ ਵਿੱਚ ਪਾ ਕੇ ਦਿਨ ਰਾਤ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਸਰਕਾਰ ਮੁਲਾਜਮਾਂ ਪ੍ਰਤੀ ਗਲਤ ਫੈਸਲੇ ਲੈ ਕੇ ਉਨਾਂ ਦੇ ਹੌਂਸਲੇ ਡੇਗ ਰਹੀ ਹੈ। ਮੁਲਾਜਮ ਆਗੂਆਂ ਨੇ ਕਿਹਾ ਕਿ ਤਨਖਾਹਾਂ ਕਟੌਤੀ ਦੇ ਮਾਮਲੇ ਵਿੱਚ ਸਾਰੇ ਮੁਲਾਜਮ ਇੱਕ ਮੰਚ ’ਤੇ ਇੱਕਠੇ ਹੋ ਕੇ ਸੰਘਰਸ ਲਈ ਅੱਗੇ ਆਉਣ ਤਾਂ ਜੋ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰਵਾਇਆ ਜਾਵੇ।