ਚੌਧਰੀ ਘਨੋਕੇ
ਕਾਦੀਆਂ, 1 ਅਪ੍ਰੈਲ 2020 - ਤਬਲੀਗ਼ੀ ਦਾ ਹਜ਼ਰਤ ਨਿਜ਼ਾਮ ਉਦੀਨ ਚ ਹੋਏ ਸਮਾਗਮ 'ਚ ਜ਼ਿਲ੍ਹਾ ਗੁਰਦਾਸਪੁਰ ਤੋਂ ਕਿਸੇ ਵੀ ਵਿਅਕਤੀ ਦੇ ਸ਼ਾਮਿਲ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਸ ਸਬੰਧ ਚ ਜਦੋਂ ਡੀ ਸੀ ਗੁਰਦਾਸਪੁਰ ਸ਼ਥ੍ਰੀ ਮੁਹੰਮਦ ਇਸ਼ਫ਼ਾਕ ਨਾਲ ਫ਼ੋਨ ਤੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਦਸਿਆ ਕਿ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਕਾਦੀਆਂ ਦੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦਸਿਆ ਕਿ ਕਾਦੀਆਂ ਤਹਿਸੀਲ ਤੋਂ ਕੋਈ ਵੀ ਵਿਅਕਤੀ ਤਬਲੀਗ਼ੀ ਜਮਾਤ ਦੇ ਇਜਤਮਾ ਚ ਸ਼ਾਮਿਲ ਨਹੀਂ ਹੋਇਆ ਹੈ।
ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਸਲਿਮ ਇਲਾਕੀਆਂ ਚ ਪਹੁੰਚਕੇ ਜਾਂਚ ਪੜਤਾਲ ਵੀ ਕੀਤੀ ਗਈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿ ਕਿਤੇ ਕੋਈ ਵਿਅਕਤੀ ਤਬਲੀਗ਼ੀ ਜਮਾਤ ਦੇ ਸਮਾਗਮ 'ਚ ਸ਼ਾਮਿਲ ਹੋਣ ਲਈ ਦਿਲੀ ਤਾਂ ਨਹੀਂ ਗਿਆ ਸੀ। ਪਰ ਕਿਸੇ ਵੀ ਵਿਅਕਤੀ ਦੇ ਇਸ ਸਮਾਗਮ 'ਚ ਸ਼ਾਮਿਲ ਹੋਣ ਦੀ ਕੋਈ ਸੂਚਨਾ ਨਹੀਂ ਹੈ। ਕਾਦੀਆਂ ਜਿਥੇ ਵਡੀ ਤਾਦਾਦ ਚ ਅਹਿਮਦੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ ਪਰ ਉਨ੍ਹਾਂ ਦਾ ਤਬਲੀਗ਼ੀ ਜਮਾਤ ਨਾਲ ਕੋਈ ਸਬੰਧ ਨਹੀਂ ਹੈ। ਇੱਹ ਗੱਲ ਕਾਬਿਲੇ ਜ਼ਿਕਰ ਹੈ ਕਿ ਤਬਲੀਗ਼ੀ ਜਮਾਤ ਅਤੇ ਅਹਿਮਦੀਆ ਮੁਸਲਿਮ ਜਮਾਤ ਦੇ ਕੁਝ ਸਿਧਾਂਤਾ ਤੇ ਮਤਭੇਦ ਹਨ।
ਜਿਸਦੇ ਚਲਦੈ ਤਬਲੀਗ਼ੀ ਜਮਾਤ ਅਹਿਮਦੀ ਮੁਸਲਮਾਨਾਂ ਦੇ ਸਖ਼ਤ ਵਿਰੋਧੀ ਹੈ। ਦੂਜੇ ਪਾਸੇ ਕੋਰੋਨਾ ਵਾਈਰੇਸ ਦੇ ਜੇ ਮਰੀਜ਼ ਵਧੱਦੇ ਹਨ ਅਤੇ ਆਈਸੋਲੇਸ਼ਨ ਸੈਂਟਰ ਸਥਾਪਿਤ ਕਰਨ ਦੀ ਜੇ ਲੋੜ ਪੈਂਦੀ ਹੈ ਤਾਂ ਜ਼ਿਲਾ ਪ੍ਰਸ਼ਾਸਨ ਇਸ ਸਿਥੱਤੀ ਨੂੰ ਵੀ ਨਿਪਟਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਕਾਦੀਆਂ 'ਚ ਆਈ ਟੀ ਆਈ, ਸਿੱਖ ਨੈਸ਼ਨਲ ਕਾਲਜ ਅਤੇ ਗਰਾਉਂਡ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਗਰਾਉਂਡ, ਡੇਰਾ ਬਿਆਸ ਦਾ ਸਤਸੰਗ ਕੇਂਦਰ, ਅਹਿਮਦੀਆ ਗਰਾਉਂਡ ਸਮੇਤ ਅਨੇਕ ਗੈਸਟ ਹਾਉਸ ਦੀਆਂ ਸਹੂਲਤਾਂ ਮੋਜੂਦ ਹਨ ਜਿਸਨੂੰ ਲੋੜ ਪੈਣ ਤੇ ਜ਼ਿਲਾ ਪ੍ਰਸ਼ਾਸਨ ਨੂੰ ਇਸਤੇਮਾਲ ਕਰਨ ਲਈ ਦਿਤਾ ਜਾ ਸਕਦਾ ਹੈ।
ਦੂਜੇ ਪਾਸੇ ਸ਼ਹਿਰ 'ਚ ਰਾਸ਼ਣ ਵੰਡਣ ਦਾ ਕੰਮ ਵੀ ਚੱਲ ਰਿਹਾ ਹੈ। ਕਾਰਜ ਸਾਧਕ ਅਫ਼ਸਰ ਕਾਦੀਆਂ ਨੂੰ 15 ਹਜ਼ਾਰ ਰੂਪੈ ਪ੍ਰਤਿ ਦਿਨ ਆਪਣੇ ਇਖ਼ਤਿਆਰੀ ਫ਼ੰਡ ਤੋਂ ਦੇਣ ਦਾ ਜੋ ਅਧਿਕਾਰ ਦਿਤਾ ਗਿਆ ਹੈ ਉਸ ਫ਼ੰਡ ਤੋਂ ਵੀ ਹਰ ਵਾਰਡ ਚ ਸਿਲਸਿਲੇਵਾਰ ਰਾਸ਼ਨ ਮਦਦ ਦੇ ਰੂਪ ਚ ਲੋਕਾਂ ਨੂੰ ਦਿਤਾ ਜਾਣਾ ਸ਼ੁਰੂ ਕਰ ਦਿਤਾ ਗਿਆ ਹੈ। ਜਦਕਿ ਕਈ ਸਮਾਜ ਸੇਵੀ ਸੰਸਥਾਂਵਾ ਵੀ ਨਗਰ ਕੋਂਸਲ ਦੇ ਸਹਿਯੋਗ ਨਾਲ ਰਾਸ਼ਣ ਵੰਡ ਰਹੀਆਂ ਹਨ।