ਅਸ਼ੋਕ ਵਰਮਾ
ਬਠਿੰਡਾ,13 ਅਪਰੈਲ 2020: ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਤਰਫੋਂ ਪੰਜਾਬ ਦੇ ਮੁੱਖ ਮੰਤਰੀ ਕੋਵਿਦ ਰਾਹਤ ਫੰਡ ਦੁਆਰਾ 25 ਲੱਖ ਦਾ ਯੋਗਦਾਨ ਦਿੱਤਾ ਗਿਆ ਹੈ। ਜਦੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਲੜ ਰਹੀ ਹੈ, ਭਾਰਤ ਸਰਕਾਰ ਨੇ ਕੋਵਿਡ -19 ਨੂੰ ਇਕ “ਨੋਟੀਫਾਈਡ ਮਹਾਂਮਾਰੀ” ਐਲਾਨਿਆ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਇੱਕ ਰਾਹਤ ਫੰਡ ਸਥਾਪਤ ਕੀਤਾ ਹੈ।
ਟੀਐਸਪੀਐਲ ਦੇ ਸੀਈਓ ਅਤੇ ਡਾਇਰੈਕਟਰ ਵਿਕਾਸ ਸ਼ਰਮਾ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਪੰਜਾਬ ਸਰਕਾਰ ਅਤੇ ਰਾਜ ਦੇ ਲੋਕਾਂ ਦੇ ਨਾਲ ਹੈ। ਉਨਾਂ ਕਿਹਾ ਕਿ ਟੀਐਸਪੀਐਲ ਵੱਲੋਂ ਪਾਇਆ ਯੋਗਦਾਨ ਲੋੜੀਂਦੇ ਲੋਕਾਂ ਤੱਕ ਪਹੁੰਚਣ ਲਈ ਇੱਕ ਛੋਟਾ ਜਿਹਾ ਕਦਮ ਹੈ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਖਿਲਾਫ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ ਜਿੰਨਾਂ 1 ਮਈ ਤੱਕ ਕਰਫਿਊ ਵਧਾਉਣ ਦੇ ਮੁੱਖ ਮੰਤਰੀ ਦੇ ਫੈਸਲੇ ਨੂੰ ਕਾਇਮ ਰੱਖਿਆ। ਸ੍ਰੀ ਸ਼ਰਮਾ ਨੇ ਕਿਹਾ, “ਇਸ ਮਾਰੂ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਲਾਕਡਾਉਨ ਅਤੇ ਕੋਰੋਨੋਵਾਇਰਸ ਚੱਕਰ ਨੂੰ ਤੋੜਨਾ ਲਾਜਮੀ ਹੈ। ਉਨਾਂ ਲੋਕਾਂ ਦੀਆਂ ਰੋਜਮਰਾ ਦੀਆਂ ਜਰੂਰਤਾਂ ਦੀ ਪੂਰਤੀ ਲਈ ਆਪਣੇ ਕਰਮਚਾਰੀਆਂ ਨੂੰ ਵੀ ਇਸ ਮੁਸਕਲ ਸਮੇਂ ਵਿੱਚ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਤੋਂ ਇਲਾਵਾ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਮਾਨਸਾ ਜਿਲਾ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਪੂਰੀ ਸਹਾਇਤਾ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪਲਾਂਟ ਦੀ ਤਰਫੋਂ ਪੁਲਿਸ ਚੌਂਕੀਆਂ, ਪਿੰਡਾਂ, ਮੁਢਲੇ ਸਿਹਤ ਕੇਂਦਰਾਂ ’ਜ ਰੋਗਾਣੂਨਾਸ਼ਕ ਦਾ ਛਿੜਕਾਅ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਲੋੜਵੰਦਾਂ ਨੂੰ ਰਾਸ਼ਨ ,ਸੁਰੱਖਿਆ ਮਾਸਕ ਅਤੇ ਸਰਜੀਕਲ ਦਸਤਾਨੇ ਆਦਿ ਵੀ ਦਿੱਤੇ ਗਏ ਹਨ।