ਰਜਨੀਸ਼ ਸਰੀਨ
- ਸੰਬੰਧਿਤ ਸਰਕਾਰਾਂ ਕੋਲ ਚੁੱਕ ਰਹੇ ਹਨ ਮਾਮਲਾ
ਨਵਾਂਸ਼ਹਿਰ/ਬਲਾਚੌਰ, 23 ਅਪ੍ਰੈਲ 2020 : ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਕੋਰੋਨਾ ਮਹਾਂਮਾਰੀ ਕਾਰਨ ਲਾਗੂ ਤਾਲਾਬੰਦੀ ਦੇ ਚੱਲਦਿਆਂ ਦੇਸ਼ ਦੇ ਦੂਜੇ ਸੂਬਿਆਂ ਚ ਫਸੇ ਹਲਕੇ ਲੋਕਾਂ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਕੋਲ ਚੁੱਕ ਰਹੇ ਹਨ। ਤਿਵਾੜੀ ਨੇ ਭਰੋਸਾ ਹੈ ਕਿ ਇਨ੍ਹਾਂ ਜਲਦੀ ਤੋਂ ਜਲਦੀ ਵਾਪਸ ਆਪਣੇ ਘਰਾਂ ਨੂੰ ਲਿਆਇਆ ਜਾਵੇਗਾ।
ਐਮ.ਪੀ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਬਲਾਚੌਰ ਤੋਂ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਤੋਂ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦੇ ਕਈ ਲੋਕਾਂ ਦੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਉਡੀਸਾ, ਗੁਜਰਾਤ ਚ ਫਸੇ ਹੋਣ ਬਾਰੇ ਜਾਣਕਾਰੀ ਮਿਲੀ ਹੈ। ਇਸੇ ਤਰ੍ਹਾਂ, ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਵੀ ਉਨ੍ਹਾਂ ਦੇ ਹਲਕੇ ਚ ਪੈਂਦੇ ਪਿੰਡ ਸੈਲਾ ਖੁਰਦ ਸਮੇਤ ਹੋਰਨਾਂ ਇਲਾਕਿਆਂ ਦੇ ਲੋਕਾਂ ਦੇ ਵੀ ਤਾਲਾਬੰਦੀ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਫਸੇ ਹੋਣ ਬਾਰੇ ਦੱਸਿਆ ਹੈ। ਜਦਕਿ ਕਈ ਹੋਰ ਜਨ ਪ੍ਰਤੀਨਿਧੀਆਂ ਤੇ ਪਾਰਟੀ ਵਰਕਰਾਂ ਸਮੇਤ ਇਲਾਕੇ ਦੇ ਲੋਕਾਂ ਤੋਂ ਉਨ੍ਹਾਂ ਸੂਚਨਾਵਾਂ ਮਿਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ, ਜਿਸਨੂੰ ਉਹ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਬੰਧਤ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸਰਕਾਰ ਕੋਲ ਚੁੱਕ ਰਹੇ ਹਨ, ਤਾਂ ਜੋ ਤਾਲਾਬੰਦੀ ਕਾਰਨ ਦੇਸ਼ ਦੇ ਹੋਰਨਾਂ ਵੱਖ ਵੱਖ ਖੇਤਰਾਂ ਚ ਫਸ ਕੇ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਜਲਦੀ ਤੋਂ ਜਲਦੀ ਆਪਣੇ ਘਰਾਂ ਨੂੰ ਵਾਪਸ ਲਿਆਇਆ ਜਾ ਸਕੇ।