ਹਰੀਸ਼ ਕਾਲੜਾ
- ਐਸ.ਡੀ.ਐਮਜ਼ ਦੀ ਪਰਮਿਸ਼ਨ ਤੋਂ ਬਿਨ੍ਹਾਂ ਆਪਣੀ ਮਰਜੀ ਦੁਕਾਨ ਖੋਲਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
- ਕੇਵਲ ਰੋਟੇਸ਼ਨ ਵਾਇਸ ਰੋਸਟਰ ਅਨੁਸਾਰ ਦੁਕਾਨਾਂ ਖੋਲਣ ਦੀ ਹੋਵੇਗੀ ਇਜ਼ਾਜ਼ਤ
ਰੂਪਨਗਰ, 1 ਮਈ 2020 - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰਫਿਊ/ਲੌਕਡਾਊਨ ਜ਼ੋ ਕਿ 17 ਮਈ ਤੱਕ ਲਗਾਇਆ ਗਿਆ ਹੈ। ਇਸ ਦੌਰਾਨ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ ਰੋਟੇਸ਼ਨ ਵਾਇਜ਼ ਦੁਕਾਨਾਂ ਖੋਲਣ ਸਬੰਧੀ ਰੋਸਟਰ ਤਿਆਰ ਕਰਕੇ ਦੁਕਾਨਾਂ ਦੀ ਲਿਸਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮਜ਼ ਦੀ ਪਰਮਿਸ਼ਨ ਤੋਂ ਬਿਨ੍ਹਾਂ ਕਿਸੇ ਨੂੰ ਵੀ ਆਪਣੀ ਮਰਜੀ ਨਾਲ ਦੁਕਾਨ ਖੋਲਣ ਸਬੰਧੀ ਸਖਤ ਮਨਾਹੀ ਹੈ ।
ਉਨ੍ਹਾਂ ਨੇ ਦੱਸਿਆ ਕਿ ਐਸ.ਡੀ.ਐਮਜ਼ ਵੱਲੋਂ ਯੋਜਨਾਬੰਦ ਤਰੀਕੇ ਦੇ ਨਾਲ ਦੁਕਾਨਾਂ ਖੋਲਣ ਸਬੰਧੀ ਇਸ ਹਿਸਾਬ ਨਾਲ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ , ਤਾ ਜ਼ੋ ਸ਼ੋਸ਼ਲ ਡਿਸਟੈਂਸ ਨੂੰ ਵੀ ਮੈਨਟੇਨ ਰੱਖਿਆ ਜਾ ਸਕੇ ਅਤੇ ਇਲਾਕਾ ਨਿਵਾਸੀਆਂ ਨੂੰ ਕਿਸੇ ਤਰ੍ਹਾ ਦਾ ਜ਼ਰੂਰੀ ਸਮਾਨ ਲੈਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਦੱਸਿਆ ਕਿ ਇਹ ਲਿਸਟਾਂ ਆਪਣੇ ਆਪਣੇ ਇਲਾਕੇ ਦੇ ਵਪਾਰ ਮੰਡਲ ਦੇ ਨਾਲ ਵੀ ਸ਼ੇਅਰ ਕੀਤੀਆਂ ਜਾਣਗੀਆਂ ਤਾਂ ਜ਼ੋ ਦੁਕਾਨਦਾਰਾਂ ਨੂੰ ਪਤਾ ਚਲ ਸਕੇ ਕਿ ਉਨ੍ਹਾਂ ਨੇ ਕਿਸ ਦਿਨ ਆਪਣੀ ਦੁਕਾਨ ਖੋਲਣੀ ਹੈ।
ਉਨ੍ਹਾਂ ਨੇ ਦੱਸਿਆ ਕਿ ਰੂਰਲ ਅਤੇ ਸ਼ਹਿਰੀ ਖੇਤਰਾਂ ਵਿੱਚ ਸਾਰੇ ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਬੰਦ ਰਹਿਣਗੇ ।ਉਨ੍ਹਾਂ ਦੱਸਿਆ ਕਿ ਸੈਲੂਨ, ਹਜ਼ਾਮਤ ਕਰਨ ਵਾਲੀਆਂ ਦੁਕਾਨਾਂ ਆਦਿ ਸੇਵਾਵਾਂ ਬੰਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਸ਼ਰਾਬ ਤੇ ਠੇਕਿਆਂ ਨੂੰ ਖੋਲਣ ਦੀ ਇਜ਼ਾਜਤ ਨਹੀ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਲੌਕਡਾਊਨ/ਕਰਫਿਊ ਸਵੇਰੇ 11 ਵਜੇ ਤੋਂ ਪਹਿਲਾਂ ਵਾਂਗ ਜਾਰੀ ਰਹੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਤੈਅ ਸਮੇਂ ਤੱਕ ਆਪਣੇ ਘਰਾਂ ਵਿੱਚ ਪਰਤ ਜਾਇਆ ਕਰਨ। ਛੋਟ ਵਾਲੇ ਸਮੇਂ ਦੌਰਾਨ ਬਾਹਰ ਨਿਕਲਣ ਵਾਲੇ ਵਿਅਕਤੀ ਨੂੰ ਮਾਸਕ ਪਹਿਨਣਾ ਅਤੇ ਦੂਜੇ ਵਿਅਕਤੀ ਤੋਂ 2 ਮੀਟਰ ਦੀ ਦੂਰੀ ਬਣਾਈ ਰੱਖਣੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਰਾਹਤ ਲੋਕਾਂ ਦੀ ਸਹੂਲਤ ਲਈ ਦਿੱਤੀ ਗਈ ਹੈ। ਉਹ ਇਸ ਰਾਹਤ ਦੇ ਸਮੇਂ ਦੌਰਾਨ ਦੋਸਤਾਂ ਜਾਂ ਹੋਰਨਾਂ ਨੂੰ ਨਾ ਮਿਲਣ।ਉਨ੍ਹਾਂ ਦੱਸਿਆ ਕਿ ਛੋਟ ਵਾਲੇ ਸਮੇਂ ਦੌਰਾਨ ਲੋਕ ਦੁਕਾਨਾਂ ਤੋਂ ਸਮਾਨ ਲੈਣ ਲਈ ਆਪਣੇ ਪ੍ਰਾਈਵੇਟ ਵਾਹਨਾਂ ਦਾ ਇਸਤੇਮਾਲ ਬਿਲਕੁੱਲ ਨਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਭੀੜ ਇਕੱਠੀ ਨਾ ਹੋਣ ਦੇਣ।