ਹਰੀਸ਼ ਕਾਲੜਾ
ਨੰਗਲ,15 ਜੂਨ 2020:ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਨੰਗਲ ਸਥਿਤ ਐਨ.ਐਫ.ਐਲ. ਹਸਪਤਾਲ ਨੂੰ ਮੁੜ ਸੁਰਜੀਤ ਕੀਤੇ ਜਾਣ ਅਤੇ ਇਸਦਾ ਨਵੀਨੀਕਰਨ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਚ ਮੋਜੂਦ ਇੰਫਰਾਸਟਰਕਚਰ ਦੇ ਮੱਦੇਨਜ਼ਰ ਨਵੀਨੀਕਰਨ ਤੋਂ ਬਾਅਦ ਇਹ ਹਸਪਤਾਲ ਇਲਾਕੇ ਨਾਲ ਸਬੰਧਤ ਵੱਡੀ ਗਿਣਤੀ ਚ ਲੋਕਾਂ ਨੂੰ ਮੈਡੀਕਲ ਸੁਵਿਧਾਵਾਂ ਮੁਹਈਆ ਕਰਵਾਉਣ ਚ ਮਦਦ ਕਰ ਸਕਦਾ ਹੈ।
ਇਸ ਬਾਰੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦੇ ਚੇਅਰਮੈਨ ਵਰਿੰਦਰ ਨਾਥ ਦੱਤ ਨੂੰ ਲਿਖੀ ਇੱਕ ਚਿੱਠੀ ਚ ਤਿਵਾੜੀ ਨੇ ਕਿਹਾ ਕਿ ਐਨਐਫਐਲ ਹਸਪਤਾਲ ਚ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ, ਬੰਗਾ, ਗੜ੍ਹਸ਼ੰਕਰ ਤੇ ਗੁਆਂਢੀ ਸੂਬੇ ਹਿਮਾਚਲ ਦੇ ਊਨਾ ਸਮੇਤ ਖੇਤਰ ਦੇ ਲੋਕਾਂ ਨੂੰ ਸ਼ਾਨਦਾਰ ਮੈਡੀਕਲ ਸੁਵਿਧਾ ਪ੍ਰਦਾਨ ਕਰਨ ਦੀ ਕਾਬਲੀਅਤ ਹੈ। ਚਿੱਠੀ ਚ ਉਨ੍ਹਾਂ ਕਿਹਾ ਕਿ ਐਨ.ਐਫ.ਐਲ. ਹਸਪਤਾਲ ਚ ਸ਼ਾਨਦਾਰ ਸੁਵਿਧਾ ਹੈ, ਜਿਸਦਾ ਘੱਟ ਇਸਤੇਮਾਲ ਹੁੰਦਾ ਹੈ। ਇਸਦੀ ਇਮਾਰਤ ਕਰੀਬ 16 ਹਜ਼ਾਰ ਵਰਗ ਮੀਟਰ ਖੇਤਰਫਲ ਚ ਫੈਲੀ ਹੈ, ਜਿਸ ਦੀਆਂ ਦੋ ਮੰਜ਼ਿਲਾਂ ਚ 20 ਬੈਡਾਂ ਵਾਲੇ ਇੱਕ ਆਈਸੋਲੇਸ਼ਨ ਵਾਰਡ ਤੇ ਪ੍ਰਾਈਵੇਟ ਕਮਰਿਆਂ ਸਮੇਤ 100 ਬੈਡਾਂ ਤੱਕ ਦੀ ਸ਼ਮਤਾ ਹੈ।
ਐੱਮ.ਪੀ. ਨੇ ਕਿਹਾ ਕਿ ਨੰਗਲ ਦੇ ਐਨ.ਐਫ.ਐਲ. ਹਸਪਤਾਲ ਚ ਮੌਜੂਦ ਸ਼ਾਨਦਾਰ ਸੁਵਿਧਾਵਾਂ ਦੇ ਮੱਦੇਨਜ਼ਰ ਇਸਦੇ ਸਿਰਫ ਨਵੀਨੀਕਰਨ ਦੀ ਲੋੜ ਹੈ। ਉਨ੍ਹਾਂ ਐਨ.ਐਫ.ਐਲ. ਦੇ ਚੇਅਰਮੈਨ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਮੌਜੂਦਾ ਹਲਾਤਾਂ ਚ ਤੁਸੀਂ ਜਾਂ ਤਾਂ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਦਾ ਹਸਪਤਾਲ ਦੇ ਨਵੀਨੀਕਰਨ ਵਾਸਤੇ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਇਸ ਲਈ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਨੂੰ ਅਪਣਾ ਸਕਦੇ ਹੋ।