ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸੀ ਘਿਉ ਦੀ ਖਰੀਦ ਪੰਜਾਬ ਤੋਂ ਕਰੇ-ਕੈਪਟਨ
ਅੰਮ੍ਰਿਤਸਰ, 12 ਜੁਲਾਈ 2020: ਤੁਲੀ ਲੈਬ ਵੱਲੋਂ ਕੋਵਿਡ-19 ਟੈਸਟ ਸਬੰਧੀ ਗਲਤ ਰਿਪੋਰਟ ਦੇਣ ਦੇ ਮੁੱਦੇ ਉਤੇ ਉਚ ਪੱਧਰੀ ਜਾਂਚ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ, ਜੋ ਕਿ ਇਸ ਕੇਸ ਦੀ ਜਾਂਚ ਕਰਕੇ ਇਸ ਨੂੰ ਅੰਜ਼ਾਮ ਤੱਕ ਪਹੁੰਚਾਵੇਗੀ। ਅੱਜ ਫੇਸ ਬੁੱਕ ਲਾਇਵ ਵਿਚ ਅੰਮ੍ਰਿਤਸਰ ਵਾਸੀ ਸ੍ਰੀ ਸਾਹਿਲ ਧਵਨ ਵੱਲੋਂ ਕੀਤੇ ਗਏ ਸਵਾਲ ਦੇ ਜਵਾਬ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲਾਂ ਇਹ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਹੈ, ਪਰ ਤੁਲੀ ਲੈਬ ਨੇ ਇਸ ਅਧਾਰ ਉਤੇ ਕਿ ਵਿਜੀਲੈਂਸ ਕੇਵਲ ਸਰਕਾਰੀ ਵਿਭਾਗਾਂ ਦੀ ਹੀ ਜਾਂਚ ਕਰ ਸਕਦੀ ਹੈ, ਇਸ ਨੂੰ ਨਿੱਜੀ ਕੇਸਾਂ ਵਿਚ ਜਾਂਚ ਦਾ ਅਧਿਕਾਰ ਨਹੀਂ, ਅਦਾਲਤ ਵਿਚ ਪਹੁੰਚ ਕੀਤੀ ਹੈ, ਸੋ ਇਸ ਨੂੰ ਵੇਖਦੇ ਹੋਏ ਅਸੀਂ ਇਹ ਜਾਂਚ ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ ਬਣਾਈ ਸਿਟ ਨੂੰ ਦੇ ਦਿੱਤੀ ਹੈ, ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਅਤੇ ਸਿਵਲ ਸਰਜਨ ਵੀ ਸ਼ਾਮਿਲ ਹਨ। ਉਨਾਂ ਕਿਹਾ ਕਿ ਇਹ ਤਿੰਨ ਅਧਿਕਾਰੀਆਂ ਦੀ ਟੀਮ, ਜੋ ਕਿ ਖ਼ੁਦ ਡਾਕਟਰ ਪੇਸ਼ੇ ਵਿਚੋਂ ਹੀ ਹਨ, ਇਸ ਕੇਸ ਦੀ ਤਹੀਕੀਕਾਤ ਕਰਕੇ ਸੱਚ ਅਦਾਲਤ ਸਾਹਮਣੇ ਲਿਆਉਣਗੇ ਅਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਕਾਨੂੰਨੀ ਦਾਅ-ਪੇਚ ਖੇਡ ਕੇ ਬਚਣ ਨਾ, ਬਲਕਿ ਉਨਾਂ ਵਿਰੁੱਧ ਦਰਜ ਕੇਸ ਨੂੰ ਸੱਚ ਦੇ ਅਧਾਰ ਉਤੇ ਅੰਜ਼ਾਮ ਤੱਕ ਪਹੁੰਚਾਇਆ ਜਾਵੇ। ਉਨਾਂ ਦੱਸਿਆ ਕਿ ਮੈਂ ਖ਼ੁਦ ਇਸ ਕੇਸ ਦੀ ਨਜ਼ਰਸਾਨੀ ਕਰ ਰਿਹਾ ਹੈ, ਸੋ ਅਸੀਂ ਲੋਕਾਂ ਨੂੰ ਇਨਸਾਫ ਦਿਆਂਗੇ।
ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਅਤੇ ਪ੍ਰਸ਼ਾਦ ਲਈ ਦੇਸੀ ਘਿਉ ਮਹਾਰਾਸ਼ਟਰ ਤੋਂ ਖਰੀਦਣ ਲਈ ਕੀਤੇ ਗਏ ਸੌਦੇ ਨੂੰ ਗਲਤ ਕਰਾਰ ਦਿੰਦੇ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਇਸ ਸਮਝੌਤੇ ਉਤੇ ਗੌਰ ਕਰਨ ਅਤੇ ਸਾਰੀ ਖਰੀਦ ਪੰਜਾਬ ਦੇ ਸਹਿਕਾਰਤਾ ਅਦਾਰਾ ਮਿਲਕਫੈਡ ਤੋਂ ਕਰਨ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਲਾਭ ਮਿਲ ਸਕੇ। ਉਨਾਂ ਕਿਹਾ ਕਿ ਪੰਜਾਬ ਵਰਗਾ ਸ਼ੁਧ ਦੇਸੀ ਘਿਉ ਹੋਰ ਕਿਧਰੇ ਨਹੀਂ ਮਿਲ ਸਕਦਾ, ਸੋ ਲੰਗਰ ਅਤੇ ਪ੍ਰਸ਼ਾਦ ਦੀ ਪਵਿਤਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਖਰੀਦ ਪੰਜਾਬ ਤੋਂ ਕੀਤੀ ਜਾਵੇ। ਇਸ ਤੋਂ ਇਲਾਵਾ ਇਸ ਖਰੀਦ ਨਾਲ ਪੰਜਾਬ ਦੇ ਕਿਸਾਨਾਂ ਨੂੰ ਸਹਾਇਕ ਧੰਦਾ, ਜੋ ਕਿ ਡੇਅਰੀ ਦੇ ਤੌਰ ਉਤੇ ਹੈ, ਵਿਚ ਮੁਨਾਫਾ ਵਧੇਗਾ।