ਕਰਫ਼ਿਊ ਦੀ ਸਖ਼ਤੀ-ਸਾਰੇ ਦੋਸ਼ੀ ਬਰ ਜ਼ਮਾਨਤ ਰਿਹਾਅ
ਹਰਿੰਦਰ ਨਿੱਕਾ
ਬਰਨਾਲਾ, 30 ਮਾਰਚ 2020 - ਕਰਫ਼ਿਊ ਦਾ ਉਲੰਘਣ ਕਰਕੇ ਘਰੋਂ ਬਾਹਰ ਨਿਕਲਣ ਵਾਲਿਆਂ ਦੀ ਪੁਲਿਸ ਵੱਲੋਂ ਪਿਛਲੇ ਦਿਨੀਂ ਜਗ੍ਹਾ ਜਗ੍ਹਾ ਕੀਤੀ ਕੁੱਟ-ਮਾਰ ਕਾਰਨ ਵੱਡੇ ਪੱਧਰ ਤੇ ਹੋਈ ਬਦਨਾਮੀ ਤੋਂ ਬਾਅਦ ਹੁਣ ਪੁਲਿਸ ਨੇ ਲੋਕਾਂ ਤੇ ਕਾਨੂੰਨੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਥਾਣਾ ਸਿਟੀ 1 ਬਰਨਾਲਾ ਅਤੇ ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਤਿੰਨ ਥਾਣੇਦਾਰਾਂ ਦੀ ਅਗਵਾਈ ਚ, ਗਸ਼ਤ ਕਰਦੀਆਂ ਪੁਲਿਸ ਪਾਰਟੀਆਂ ਨੇ 2 ਮੰਦਰਾਂ ਦੇ ਪੁਜਾਰੀਆਂ ਸਣੇ 12 ਬੰਦਿਆਂ ਨੂੰ ਦਫ਼ਾ 144 ਦਾ ਉਲੰਘਣ ਕਰਨ ਦੇ ਦੋਸ਼ ਵਿੱਚ ਫੜ੍ਹ ਕੇ ਜਾਤੀ ਮੁਚੱਲਕੇ ਤੇ ਰਿਹਾ ਵੀ ਕਰ ਦਿੱਤਾ। ਦਫ਼ਾ 44 ਦੇ ਉਲੰਘਣ ਦੇ ਸਭ ਤੋਂ ਵਧੇਰੇ 5 ਮੁਕੱਦਮੇ ਥਾਣਾ ਸਿਟੀ ਦੇ ਥਾਣੇਦਾਰ ਸਤਵਿੰਦਰ ਪਾਲ ਸਿੰਘ ਦੇ ਹਿੱਸੇ ਹੀ ਆਏ। ਜਿਨ੍ਹਾਂ ਨੇ ਕੁੱਲ ਨੌਂ ਵਿਅਕਤੀਆਂ ਨੂੰ ਗਿਰਫਤਾਰ ਕੀਤਾ। ਜਦੋਂ ਕਿ ਬੱਸ ਸਟੈਂਡ ਚੌਂਕੀ ਦੇ ਦੋ ਥਾਣੇਦਾਰਾਂ ਗੁਰਦੀਪ ਸਿੰਘ ਤੇ ਗਿਆਨ ਸਿੰਘ ਵੱਲੋਂ 2 ਵਿਅਕਤੀਆਂ ਦੇ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ।
-ਦਵਾਈ ਲੈਣ ਜਾ ਰਿਹਾ ਹੀ ਫੜ੍ਹਿਆ ਪੁਜ਼ਾਰੀ ਮੁਕੇਸ਼
ਸਾਂਈ ਮੰਦਿਰ ਹੰਡਿਆਇਆ ਦੇ ਪੁਜ਼ਾਰੀ ਮੁਕੇਸ਼ ਕੁਮਾਰ ਨੇ ਥਾਣੇ ਚੋਂ ਰਿਹਾ ਹੋਣ ਤੋਂ ਬਾਅਦ ਦੱਸਿਆ ਕਿ ਉਹ ਸਵੇਰੇ ਮੰਦਿਰ ਵਿੱਚ ਪੂਜਾ ਪਾਠ ਕਰਕੇ ਕਰੀਬ ਸਾਢੇ 7 ਕੁ ਵਜੇ ਮੋਦੀ ਮੈਡੀਕਲ ਹਾਲ ਬਰਨਾਲਾ ਤੋਂ ਆਪਣੇ ਰਿਸ਼ਤੇਦਾਰ ਮੁਕੇਸ਼ ਬਰਨਾਲਾ ਨੂੰ ਨਾਲ ਲੈ ਕੇ ਦਵਾਈ ਲੈਣ ਲਈ ਪਹੁੰਚਿਆ। ਉਥੇ ਹੀ ਤਾਇਨਾਤ ਪੁਲਿਸ ਨੇ ਦੋਵਾਂ ਨੂੰ ਗਿਰਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਉਸ ਨੇ ਥਾਣੇਦਾਰ ਨੂੰ ਦਵਾਈਆਂ ਵੀ ਦਿਖਾਈਆਂ,ਪਰ ਉਹ ਥਾਣੇ ਬੰਦ ਕਰਨ ਦੀ ਜਿੱਦ ਤੇ ਹੀ ਅੜਿਆ ਰਿਹਾ। ਬਾਅਦ ਵਿੱਚ ਮੋਹਤਬਰ ਵਿਅਕਤੀਆਂ ਦੇ ਪਹੁੰਚਣ ਤੇ ਉਸ ਨੂੰ ਤੇ ਉਸ ਦੇ ਰਿਸ਼ਤੇਦਾਰ ਨੂੰ ਇੱਕ ਹੱਥ ਲਿਖਤ ਕਾਗਜ ਤੇ ਦਸਤਖਤ ਕਰਵਾਕੇ ਰਿਹਾ ਕਰ ਦਿੱਤਾ।
-ਸੰਕਟ ਮੋਚਨ ਮੰਦਿਰ ਦੇ ਪੁਜ਼ਾਰੀ ਦਾ ਵਧਿਆ ਸੰਕਟ
ਆਪਣੇ ਘਰ ਤੋਂ ਸੰਕਟ ਮੋਚਨ ਮੰਦਰ ਕਿਲ੍ਹਾ ਮੁਹੱਲਾ ਬਰਨਾਲਾ ਵਿਖੇ ਪੂਜਾ ਪਾਠ ਕਰਨ ਲਈ ਜਾ ਰਹੇ ਪੁਜ਼ਾਰੀ ੳਮਵੀਰ ਨੂੰ ਵੀ ਪੁਲਿਸ ਨੇ ਗਿਰਫਤਾਰ ਕਰਕੇ ਥਾਣਾ ਸਿਟੀ ਵਿਖੇ ਬੰਦ ਕਰ ਦਿੱਤਾ। ਇਸ ਸਬੰਧੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰਾਸ਼ਟਰੀ ਨੇਤਾ ਵਿਜਯ ਮਾਰਵਾੜੀ ਨੇ ਦੱਸਿਆ ਕਿ ਪੁਜ਼ਾਰੀ ੳਮਵੀਰ ਜੀ, ਮੰਦਿਰ ਚ, ਪੂਜਾ ਕਰਨ ਲਈ ਜਾ ਰਹੇ ਸੀ। ਰਾਸਤੇ ਵਿੱਚ ਹੀ ਉਸ ਨੂੰ ਪੁਲਿਸ ਨੇ ਗਿਰਫਤਾਰ ਕਰਕੇ ਥਾਣਾ ਸਿਟੀ ਵਿਖੇ ਬੰਦ ਕਰ ਦਿੱਤਾ।
ਬਾਅਦ ਵਿੱਚ ਪੁਲਿਸ ਨੇ ਸਾਥੋਂ ਦਸਤਖਤ ਕਰਵਾ ਕੇ ਰਿਹਾ ਕਰ ਦਿੱਤਾ। ਵਿਜਯ ਮਾਰਵਾੜੀ ਨੇ ਕਿਹਾ ਕਿ ਅਸੀਂ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਸਾਰੇ ਮੰਦਿਰਾਂ ਦੇ ਪੁਜਾਰੀਆਂ ਨੂੰ ਲਿਖਤੀ ਬੇਨਤੀ ਪੱਤਰ ਭੇਜ਼ ਕੇ ਮੰਦਿਰਾਂ ਵਿੱਚ ਭਗਤਾਂ ਨੂੰ ਨਹੀਂ ਆਉਣ ਦੇਣ ਲਈ ਕਰਫਿਊ ਲਾਗੂ ਹੁੰਦਿਆ ਹੀ ਕਹਿ ਦਿੱਤਾ ਸੀ। ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਕਿ ਮੰਦਿਰਾਂ ਚ, ਸਿਰਫ ਪੁਜ਼ਾਰੀ ਹੀ ਪੂਜਾ ਪਾਠ ਕਰਿਆ ਕਰਨਗੇ। ਪਰ ਹੁਣ ਪਤਾ ਨਹੀਂ ਕਿਉਂ ਪੁਲਿਸ ਵਾਲੇ ਪੁਜ਼ਾਰੀਆਂ ਨੂੰ ਥਾਣੇ ਬੰਦ ਕਰਕੇ ਮੰਦਿਰਾਂ ਦੇ ਕਪਾਟ ਬੰਦ ਕਰਵਾਉਣ ਤੇ ਤੁੱਲੇ ਪਏ ਨੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਰੇ ਧਾਰਮਿਕ ਸਥਾਨਾਂ ਤੇ ਇੱਕੋ ਹੀ ਨਿਯਮ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਵੱਖ ਵੱਖ ਧਾਰਮਿਕ ਸਥਾਨਾਂ ਲਈ ਵੱਖ ਵੱਖ ਤਰਾਂ ਦੇ ਨਿਯਮ ਲੋਕਾਂ ਵਿੱਚ ਭਰਮ ਦੀ ਹਾਲਤ ਪੈਦਾ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਨ ਹਿੱਤ ਚ, ਲਾਗੂ ਕੀਤੇ ਕਰਫਿਊ ਦੀ ਪਾਲਣਾ ਕਰਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ਹੀ ਇਸ ਭਿਆਨਕ ਮਹਾਂਮਾਰੀ ਤੋਂ ਬਚਾਅ ਹੋ ਸਕਦਾ ਹੈ।
-ਪੁਲਿਸ ਨੇ ਹੋਰ ਕੌਣ ਕੌਣ ਫੜ੍ਹਿਆ
ਥਾਣਾ ਸਿਟੀ ਦੇ ਥਾਣੇਦਾਰ ਸਤਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਰਦੀਪ ਸ਼ਿਘ, ਜਸਵੀਰ ਸਿੰਘ ਦੋਵੇਂ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ ਨੇੜੇ ਧਰਮਸ਼ਾਲਾ ਬਰਨਾਲਾ, ਰੁਖਮਨ ਰਾਮ ਚੌਧਰੀ ਨਿਵਾਸੀ ਹੰਡਿਆਇਆ, ਚਰਨਜੀਤ ਸਿੰਘ ਵਾਸੀ ਫਰਵਾਹੀ, ਗੁਰਪ੍ਰੀਤ ਸਿੰਘ ਤੇ ਕੁਲਦੀਪ ਸਿੰਘ ਵਾਸੀ ਸਹਿਜੜਾ ਤੇ ਪਰਮਜੀਤ ਸਿੰਘ ਵਾਸੀ ਜੰਡਾ ਵਾਲਾ ਰੋਡ ਬਰਨਾਲਾ ਨੂੰ ਕੋਰੋਨਾ ਵਾਇਰਸ ਕਾਰਣ ਪੂਰੇ ਦੇਸ਼ ਵਿੱਚ ਜਾਰੀ ਲੌਕਡਾਉਨ ਨੂੰ ਲਾਗੂ ਕਰਵਾਉਣ ਲਈ ਡੀਸੀ ਸਾਹਿਬ ਦੇ ਹੁਕਮਾਂ ਦਾ ਉਲੰਘਣ ਕਰਨ ਦੇ ਦੋਸ਼ ਵਿੱਚ ਅਧੀਨ ਜੁਰਮ 188 ਆਈਪੀਸੀ ਦੇ ਤਹਿਤ ਫੜ੍ਹ ਕੇ ਕੇਸ ਦਰਜ਼ ਕਰਨ ਉਪਰੰਤ ਬਰ ਜਮਾਨਤ ਰਿਹਾ ਕਰ ਦਿੱਤਾ ਗਿਆ। ਇਸੇ ਤਰਾਂ ਹੀ ਬੱਸ ਸਟੈਂਡ ਪੁਲਿਸ ਚੌਂਕੀ ਚ, ਸੰਦੀਪ ਸਿੰਘ ਵਾਸੀ ਭੈਣੀ ਬਸਤੀ ਨੇੜੇ ਸਬਜ਼ੀ ਮਡੀ ਬਰਨਾਲਾ ਤੇ ਰਾਹੁਲ ਉਰਫ ਸੋਨੀ ਵਾਸੀ ਸ਼ਹੀਦ ਉੱਧਮ ਸਿੰਘ ਨਗਰ ਬਾਜਾਖਾਨਾ ਰੋਡ ਕੋਠੇ ਰਾਮਸਰ ਨੂੰ ਦਫਾ 44 ਦੇ ਉਲੰਘਣ ਕਰਨ ਦੇ ਦੋਸ਼ ਵਿੱਚ ਗਿਰਫਤਾਰ ਕਰਕੇ ਬਰ ਜਮਾਨਤ ਰਿਹਾ ਕਰ ਦਿੱਤਾ ਗਿਆ ਹੈ।