ਦਿਖਾਵੇ ਤੋਂ ਦੂਰ, ‘ਧਰਮਜੀਤ’ ਦੀ ਟੀਮ ਸੇਵਾ ਕਰ ਰਹੀ ਹੈ ਭਰਪੂਰ
ਮਨਿੰਦਰਜੀਤ ਸਿੱਧੂ
ਜੈਤੋ, 3 ਅਪ੍ਰੈਲ, 2020 : ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ।ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜੈਤੋ ਦੇ 12 ਇਲਾਕਿਆਂ ਨੂੰ ਇਕਾਂਤਜੋਨ ਘੋਸ਼ਿਤ ਕੀਤਾ ਹੋਇਆ ਹੈ। ਇਕਾਂਤਜੋਨ ਘੋਸ਼ਿਤ ਕੀਤੇ ਗਏ ਇਲਾਕਿਆਂ ਵਿੱਚ ਪੀਰਖਾਨਾ ਬਸਤੀ, ਹਰਦਿਆਲ ਨਗਰ, ਅੰਬੇਦਕਰ ਨਗਰ, ਸੁਖਚੈਨਪੁਰਾ ਬਸਤੀ, ਹਰਗੋਬਿੰਦ ਨਗਰ, ਟਿੱਬੀ ਸਾਹਿਬ ਰੋਡ, ਨਿਆਮੀਵਾਲਾ ਰੋਡ, ਮਜ੍ਹਬੀ ਮੁਹੱਲਾ, ਰੇਗਰ ਬਸਤੀ, ਬਾਲਮੀਕ ਕਲੋਨੀ, ਧਾਨਕ ਬਸਤੀ ਅਤੇ ਬਾਬਾ ਜੀਵਨ ਸਿੰਘ ਨਗਰ ਸ਼ਾਮਲ ਹਨ।ਇਹਨਾਂ ਇਲਾਕਿਆਂ ਵਿੱਚ ਬਹੁ-ਗਿਣਤੀ ਗਰੀਬ ਲੋਕ ਹੀ ਰਹਿੰਦੇ ਹਨ, ਜਿਹੜੇ ਰੋਜ ਕਮਾ ਕੇ ਖਾਣ ਵਾਲੇ ਹਨ।ਉਹਨਾਂ ਲਈ ਭੋਜਨ ਦਾ ਪ੍ਰਬੰਧ ਪਹਿਲਾਂ ਜੈਤੋ ਦੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਸੀ, ਪਰ ਸਬ-ਡਵੀਜ਼ਨ ਮਜਿਸਟਰੇਟ ਵੱਲੋਂ ਹੁਕਮ ਜਾਰੀ ਹੁਕਮਾਂ ਅਨੁਸਾਰ ਇਹਨਾਂ 12 ਇਲਾਕਿਆਂ ਵਿੱਚ ਲੰਗਰ ਵਰਤਾਉਣ ਵਾਲੇ ਵਿਅਕਤੀਆਂ ਨੂੰ 14 ਅਪੈ੍ਰਲ ਤੱਕ ਆਪਣੇ ਪਰਿਵਾਰ ਤੋਂ ਅਲਹਿਦਾ ਰਹਿਣਾ ਪਵੇਗਾ। ਇਹਨਾਂ ਹੁਕਮਾਂ ਦਾ ਮਕਸਦ ਸੀ ਕਿ ਜਦੋਂ ਕੋਈ ਵੀ ਸੇਵਾਦਾਰ ਲੰਗਰ ਵਰਤਾਉਂਦਾ ਹੈ ਤਾਂ ਹੋ ਸਕਦਾ ਹੈ ਕਿ ਉਹ ਕੋਰੋਨਾ ਸੰਕਰਮਿਤ ਮਰੀਜ਼ ਦੇ ਸੰਪਰਕ ਵਿੱਚ ਆ ਜਾਵੇ। ਜੇਕਰ ਉਹ ਘਰ ਜਾਵੇਗਾ ਤਾਂ ਉਹ ਬਿਮਾਰੀ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਵੀ ਫੈਲਾ ਸਕਦਾ ਹੈ।ਜਿਸ ਤੋਂ ਬਾਅਦ ਬਹੁਤੇ ਸਮਾਜਸੇਵੀਆਂ ਨੇ ਏਨੇ ਦਿਨ ਘਰ ਤੋਂ ਬਾਹਰ ਰਹਿਣ ਲਈ ਮਨ੍ਹਾਂ ਕਰ ਦਿੱਤਾ।ਪ੍ਰਸ਼ਾਸਨ ਨੇ ਲੰਗਰ ਬਣਾਉਣ ਦਾ ਪ੍ਰਬੰਧ ਤਾਂ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਦੇ ਸਹਿਯੋਗ ਨਾਲ ਵਿਵੇਕ ਆਸ਼ਰਮ ਜੈਤੋ ਵਿਖੇ ਕਰ ਲਿਆ। ਹੁਣ ਪ੍ਰਸ਼ਾਸਨ ਨੂੰ ਇਹੋ ਜਿਹੇ ਵਿਅਕਤੀਆਂ ਦੇ ਲੋੜ ਸੀ ਜੋ 14 ਅਪੈ੍ਰਲ ਤੱਕ ਆਪਣੇ ਪਰਿਵਾਰ ਅਤੇ ਸਮਾਜ ਤੋਂ ਪਾਸੇ ਰਹਿ ਕੇ ਲੋਕਾਂ ਦੀ ਸੇਵਾ ਕਰਨ। ਇਸ ਗੱਲ ਦਾ ਪਤਾ ਜਦ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਧਰਮਜੀਤ ਰਾਮੇਆਣਾ ਨੂੰ ਲੱਗਿਆ ਤਾਂ ਉਹ ਆਪਣੀ ਟੀਮ ਸਮੇਤ ਆਪਣਾ ਘਰ ਬਾਰ ਛੱਡ ਆਏ ਅਤੇ ਲੋਕਾਂ ਦੀ ਸੇਵਾ ਵਿੱਚ ਜੁਟ ਗਏ।ਧਰਮਜੀਤ ਰਾਮੇਆਣਾ ਦੀ ਟੀਮ ਮੂੰਹ ਹਨੇਰੇ ਤੜਕਸਾਰ ਲੋਕਾਂ ਦੀ ਸੇਵਾ ਵਿੱਚ ਜੁੱਟ ਜਾਂਦੀ ਹੈ ਅਤੇ ਇਸ ਦਾ ਸਿਲਸਿਲਾ ਦੇਰ ਰਾਤ ਤੱਕ ਚਲਦਾ ਰਹਿੰਦਾ ਹੈ। ਦਿਖਾਵੇ ਲਈ ਰਾਜਨੀਤਿਕ ਲੋਕ ਬਹੁਤ ਕੁੱਝ ਕਰ ਜਾਂਦੇ ਹਨ, ਭਾਵੇਂ ਉਹ ਰਾਸ਼ਨ ਵਾਲੀਆਂ ਥੈਲੀਆਂ ਉੱਪਰ ਫੋਟੋਆਂ ਲਾਉਣਾ ਹੋਵੇ ਜਾਂ ਨਿਗੂਣੀ ਜਿਹੀ ਆਰਥਿਕ ਮਦਦ ਕਰਕੇ ਵੱਡਾ ਦਿਖਾਵਾ। ਪਰ ਨਿੱਜੀ ਤੌਰ ਤੇ ਜਾਨ ਜ਼ੋਖਮ ਵਿੱਚ ਪਾ ਕੇ ਲਗਾਤਾਰ ਘਰ-ਘਰ ਲੰਗਰ ਪਹੁੰਚਾਉਣ ਦਾ ਕੰਮ ਧਰਮਜੀਤ ਵਰਗੇ ਨੌਜਵਾਨ ਆਗੂ ਦੇ ਹਿੱਸੇ ਆਇਆ ਹੈ, ਜੋ ਕਿ ਉਹਨਾਂ ਨੂੰ ਵਾਕਿਆ ਹੀ ਦੂਜਿਆਂ ਨਾਲੋਂ ਨਿਖੇੜਦਾ ਹੈ।ਧਰਮਜੀਤ ਰਾਮੇਆਣਾ ਦੀ ਟੀਮ ਦੇ ਅਣਥੱਕ ਯੋਧਿਆਂ ਵਿੱਚ ਨਿਰਮਲ ਸਿੰਘ ਡੇਲਿਆਂਵਾਲੀ, ਹਰਸਿਮਰਨ ਮਲਹੋਤਰਾ,ਕਾਮਰੇਡ ਗੁਰਜਿੰਦਰ ਡੋਡ, ਮਨਦੀਪ ਰਾਮੇਆਣਾ,ਛੱਬ੍ਹਾ ਰਾਮੇਆਣਾ ਆਦਿ ਸ਼ਾਮਲ ਹਨ।ਜੈਤੋ ਦੇ ਲੋਕ ਹਮੇਸ਼ਾ ਇਸ ਟੀਮ ਦੇ ਰਿਣੀ ਰਹਿਣਗੇ ਅਤੇ ਇਤਿਹਾਸਕ ਪੰਨਿਆਂ ‘ਤੇ ਇਹਨਾਂ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।