ਅਸ਼ੋਕ ਵਰਮਾ
ਬਠਿੰੰਡਾ,18 ਜੂਨ 2020: ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ‘ਲਾਕ ਡਾਊਨ‘ ਦਰਮਿਆਨ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਹੁਕੂਮਤ ਵਲੋਂ ਬੇਜਮੀਨੇ ਸਾਧਨਹੀਣ ਮਜਦੂਰਾਂ ਦੀ ਕੀਤੀ ਅਣਗਹਿਲੀ ਖਿਲਾਫ਼ ਹਮਖਿਆਲ ਮਜਦੂਰ ਜੱਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।ਅੱਜ ਇੱਥੇ ਦਿਹਾਤੀ ਮਜ਼ਦੂਰ ਸਭਾ ਦੀ ਜਿਲਾ ਕਾਰਜਕਾਰਨੀ ਦੀ ਮੀਟਿੰਗ ਨੂੰ ਜੱਥੇਬੰਦੀ ਦੇ ਸੂਬਾ ਪ੍ਧਾਨ ਦਰਸ਼ਨ ਨਾਹਰ , ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਸੂਬਾ ਵਿੱਤ ਸਕੱਤਰ ਮਹੀਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਵਲੋਂ ਲਾਈਆਂ ਗਈਆਂ ਬੇਲੋੜੀਆਂ ਸ਼ਰਤਾਂ ਅਤੇ ਸਿਆਸੀ ਆਧਾਰ ਤੇ ਕੀਤੀ ਗਈ ਵਿਤਕਰੇਬਾਜੀ ਦੇ ਨਤੀਜੇ ਵਜੋਂ ਸੂਬੇ ਦੇ ਲੱਖਾਂ ਕਿਰਤੀ ਪਰਿਵਾਰ ਸਰਕਾਰੀ ਰਾਸ਼ਨ ਤੋਂ ਵਾਂਝੇ ਰਹਿ ਗਏ ਹਨ। ਲਾਕ ਡਾਊਨ ਕਰਕੇ ਬੇਰੁਜ਼ਗਾਰ ਹੋਏ ਕਿਰਤੀ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਨਗਦ ਮੁਆਵਜ਼ਾ ਰਾਸ਼ੀ ਤੋਂ ਵਾਂਝੇ ਰਹਿਣ ਵਾਲਿਆਂ ਦੀ ਗਿਣਤੀ ਤਾਂ ਹੋਰ ਵੀ ਜਿਆਦਾ ਹੈ।
ਉਨਾਂ ਕਿਹਾ ਕਿ ਇਹ ਅਤਿਅੰਤ ਦੁੱਖ ਅਤੇ ਰੋਸ ਦਾ ਵਿਸ਼ਾ ਹੈ ਕਿ ਮਜਦੂਰ ਵਿਰੋਧੀ , ਜਾਤੀਵਾਦੀ ਮਾਨਸਿਕਤਾ ਤਹਿਤ ਅਨੇਕਾਂ ਪੰਚਾਇਤਾਂ ਨੇ ਮਜਦੂਰਾਂ ਖਿਲਾਫ਼ ਇਤਰਾਜ਼ਯੋਗ ਤੇ ਧਮਕਾਊ ਭਾਸ਼ਾ ਵਿੱਚ ਗੈਰ ਕਾਨੂੰਨੀ ਮਤੇ ਪਾਸ ਕੀਤੇ ਪਰ ਹੁਕੂਮਤੀ ਮਸ਼ੀਨਰੀ ਨੇ ਉੱਕਾ ਹੀ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨਾਂ ਕਿਹਾ ਕਿ ਲਾਕ ਡਾਊਨ ਦਰਮਿਆਨ ਕਿਸੇ ਵੀ ਕਿਸਮ ਦੀ ਕਰਜ ਵਸੂਲੀ ਮੁਲਤਵੀ ਕਰਨ ਦੀਆਂ ਭਾਰਤੀ ਰਿਜਰਵ ਬੈਂਕ ਦੀਆਂ ਹਿਦਾਇਤਾਂ ਦੀ ਉਲੰਘਣਾ ਕਰ ਰਹੀਆਂ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਆਪਹੁਦਰੀਆਂ ਬੰਦ ਕਰਾਉਣ ਅਤੇ ਕਿਰਤੀਆਂ ਦੇ ਸਵੈਮਾਣ ਨੂੰ ਠੇਸ ਪਹੁੰਚਾਉਣ ਵਾਲੀਆ ਕੰਪਨੀਆਂ ਦੇ ਲੱਠਮਾਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਿਲਾ ਜਨਰਲ ਸਕੱਤਰ ਸਾਥੀ ਪ੍ਰਕਾਸ਼ ਸਿੰਘ ਨੰਦਗੜ ਨੇ ਦਸਿਆ ਕਿ ਜਿਲਾ ਇਕਾਈ ਆਉਂਦੀ 3 ਜੁਲਾਈ ਨੂੰ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਸੰਗਠਨਾਂ ਦੀਆਂ ਕੁੱਲ ਹਿੰਦ ਫੈਡਰੇਸ਼ਨਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਕੀਤੇ ਜਾ ਰਹੇ ਰੋਸ ਐਕਸ਼ਨਾਂ ਵਿੱਚ ਵਧ ਚੜ ਕੇ ਸ਼ਾਮਲ ਹੋਵੇਗੀ। ਮੀਟਿੰਗ ਵਿੱਚ ਸ਼ਾਮਲ ਦਿਹਾਤੀ ਮਜਦੂਰ ਸਭਾ ਦੇ ਜਿਲਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਮੇਜਰ ਸਿੰਘ ਤੁੰਗਵਾਲੀ ਅਤੇ ਮੱਖਣ ਚਹਿਲ ਪੱਕਾ ਕਲਾਂ ਨੇ ਸਾਰੇ ਬੇਜਮੀਨੇ, ਸਾਧਨਹੀਣ ਪੇਂਡੂ ‘ਤੇ ਸ਼ਹਿਰੀ ਮਜਦੂਰ ਪਰਿਵਾਰਾਂ ਨੂੰ ਬਿਨਾਂ ਸ਼ਰਤ, ਬਿਨਾਂ ਵਿਤਕਰੇ ਤੋਂ ਰਾਸ਼ਨ ਮੁਹੱਈਆ ਕਰਵਾਉਣ ਅਤੇ 7500 ਰੁਪਏ ਪ੍ਰਤੀ ਮਹੀਨੇ ਦਾ ਨਗਦ ਮੁਆਵਜ਼ਾ ਪਿਛਲੇ ਬਕਾਏ ਸਮੇਤ ਦੇਣ ਦੀ ਮੰਗ ਕੀਤੀ ਹੈੇ।