ਅਸ਼ੋਕ ਵਰਮਾ
ਜਲੰਧਰ, 4 ਅਪ੍ਰੈਲ 2020 - ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਮੋਦੀ ਸਰਕਾਰ ਦੀਆਂ ਮਹਾਂਮਾਰੀ ਦੇ ਟਾਕਰੇ ਲਈ ਕਾਰਗਾਰ ਯੋਜਨਾਬੰਦੀ 'ਤੇ ਆਧਾਰਿਤ ਠੋਸ ਕਦਮ ਚੁੱਕਣ ਦੀ ਬਜਾਇ ਲੋਕਾਂ ਨੂੰ ਅੰਧ ਵਿਸ਼ਵਾਸ ਤੇ ਹਨੇਰਬਿਰਤੀਵਾਦੀ, ਪਿਛਾਂਹ ਖਿੱਚੂ ਧਾਰਨਾਵਾਂ 'ਚ ਉਲਝਾਉਣ ਦੀ ਜੋਰਦਾਰ ਨਿਖੇਧੀ ਕੀਤੀ ਹੈ।
ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਕਿਹਾ ਕਿ ਇਸ ਗੰਭੀਰ ਸੰਕਟ ਦੇ ਸਮੇਂ ਸਾਧਣ ਵਿਹੂਣੇ ਲੋਕਾਂ ਦੀ ਬਾਂਹ ਫੜਨ ਲਈ ਵਸੀਲੇ ਜੁਟਾਉਣ ਅਤੇ ਅਸਰਦਾਰ ਫੈਸਲੇ ਲੈਣ ਦੀ ਬਜਾਇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਲੀਆਂ-ਟੱਲੀਆਂ ਖੜਕਾਉਣ, ਸ਼ੰਖ ਵਜਾਉਣ ਅਤੇ ਦੀਵੇ ਮੋਮਬੱਤੀਆਂ ਜਲਾਉਣ ਆਦਿ ਦੀਆਂ ਬੇਤੁਕੀਆਂ ਤੇ ਅਵਿਗਿਆਣਕ ਸਲਾਹਾਂ ਦੇ ਕੇ ਆਪਣੀ ਅਸਫਲਤਾ 'ਤੇ ਪਰਦਾ ਪਾਉਣ ਦੇ ਨਖਿੱਧ ਯਤਨਾਂ ਵਿੱਚ ਗਲਤਾਨ ਹਨ।
ਉਨ੍ਹਾਂ ਲਾਕ ਡਾਊਨ ਦੇ ਫੈਸਲੇ ਦਾ ਸਮਰਥਨ ਕਰਦਿਆਂ ਕਿਹਾ ਕਿ ਲਾਕਡਾਊਨ ਦੇ ਨਾਲ-ਨਾਲ ਕੋਵਿਡ-19( ਨੋਵਲ ਕੋਰੋਨਾ ਵਾਇਰਸ) ਦੀ ਉਤਪਤੀ ਕਰਕੇ ਪੈਦਾ ਹੋਈ ਸੰਸਾਰ ਵਿਆਪੀ ਮਹਾਂਮਾਰੀ ਤੋਂ ਲੋਕਾਈ ਦੇ ਬਚਾਅ ਲਈ, ਪੀੜਤ ਮਰੀਜ਼ਾਂ ਦੀ ਹੰਗਾਮੀ ਪੱਧਰ 'ਤੇ ਪਛਾਣ, ਜਾਂਚ ਪੜਤਾਲ ਅਤੇ ਇਲਾਜ 'ਤੇ ਆਧਾਰਿਤ ਪਹੁੰਚ ਵੀ ਅਤਿ ਲੋੜੀਂਦੀ ਹੈ ਪਰ ਮੰਦੇਭਾਗੀਂ ਇਸ ਦਿਸ਼ਾ ਵਿੱਚ ਸਰਕਾਰ ਦੀ ਸੰਜੀਦਗੀ ਕਿਧਰੇ ਦਿਖਾਈ ਨਹੀਂ ਦਿੰਦੀ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਇਹ ਅਤਿ ਦੁੱਖ ਦਾ ਵਿਸ਼ਾ ਹੈ ਕਿ ਲਾਕ ਡਾਊਨ ਦੀ ਪਾਲਣਾ ਕਰ ਰਹੇ ਕਿਰਤੀ ਹਾਲੇ ਵੀ ਭੋਜਨ ਤੇ ਰੋਜਾਨਾ ਵਰਤੋਂ ਦੀਆਂ ਦੂਸਰੀਆਂ ਵਸਤਾਂ ਅਤੇ ਜਿੰਦਗੀ ਜਿਉਣ ਲਈ ਨਗਦ ਮੁਆਵਜ਼ਾ ਰਾਸ਼ੀ ਤੋਂ ਵਾਂਝੇ ਹਨ। ਉਨ੍ਹਾਂ ਆਪਣੀਆਂ ਸਮੂੰਹ ਇਕਾਈਆਂ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ, 5 ਅਪ੍ਰੈਲ ਨੂੰ ਬੱਤੀਆਂ ਬੁਝਾ ਕੇ ਦੀਵੇ- ਮੋਮਬੱਤੀਆਂ, ਟਾਰਚਾਂ ਜਗਾਉਣ ਦੇ ਅੰਧ ਵਿਸ਼ਵਾਸੀ ਸੱਦੇ ਦਾ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਸਭਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਵੱਖੋ-ਵੱਖ ਢੰਗਾਂ ਰਾਹੀਂ ਉਕਤ ਬਿਆਨੇ ਕਦਮ ਚੁੱਕਣ ਦੀ ਕੇਂਦਰੀ ਅਤੇ ਸੂਬਾ ਸਰਕਾਰਾਂ ਤੋਂ ਜੋਰਦਾਰ ਮੰਗ ਕਰਨ।