ਜ਼ਿਲ੍ਹੇ ਅੰਦਰ 5 ਵਿਅਕਤੀ ਹੋਏ ਕੋਰੋਨਾ ਪਾਜ਼ਿਟੀਵ ; ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ ਇਲਾਜ਼
ਘਬਰਾਉਣ ਦੀ ਕੋਈ ਲੋੜ ਨਹੀਂ : ਡਿਪਟੀ ਕਮਿਸ਼ਨਰ
ਮਾਨਸਾ, 07 ਅਪ੍ਰੈਲ 2020: ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪਿਛਲੇ ਦਿਨੀਂ ਦਿੱਲੀ ਨਿਜ਼ਾਮੂਦੀਨ ਮਰਕਜ਼ ਤੋਂ ਪਰਤ ਕੇ ਮਾਨਸਾ ਜ਼ਿਲ੍ਹੇ ਦੀ ਸਬ-ਡਵੀਜ਼ਨ ਬੁਢਲਾਡਾ ਦੀ ਮਸਜਿਦ ਵਿੱਚ ਠਹਿਰੇ 10 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 2 ਹੋਰ ਔਰਤਾਂ ਕੋਰੋਨਾ ਪਾਜ਼ਿਟੀਵ ਪਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚੋਂ 3 ਵਿਅਕਤੀਆਂ ਦੀ ਰਿਪੋਰਟ ਪਹਿਲਾਂ ਹੀ ਕੋਰੋਨਾ ਪਾਜ਼ਿਟੀਵ ਪਾਈ ਗਈ ਹੈ। ਇਸ ਤਰ੍ਹਾਂ ਹੁਣ ਇਨ੍ਹਾਂ 10 ਵਿਅਕਤੀਆਂ ਵਿੱਚੋਂ 5 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 5 ਵਿਅਕਤੀਆਂ ਦੀ ਰਿਪੋਰਟ ਪਾਜ਼ਿਟੀਵ ਆਈ ਹੈ, ਜੋ ਸਿਵਲ ਹਸਪਤਾਲ ਮਾਨਸਾ ਵਿਖੇ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਵਿਅਕਤੀ ਛੱਤਿਸਗੜ੍ਹ ਨਾਲ ਸਬੰਧ ਰੱਖਦੇ ਹਨ ਅਤੇ 19 ਮਾਰਚ ਨੂੰ ਦਿੱਲੀ ਨਿਜ਼ਾਮੂਦੀਨ ਮਰਕਜ਼ ਵਿੱਚ ਸ਼ਾਮਿਲ ਹੋ ਕੇ ਵਾਪਸੀ ਸਮੇਂ ਮਾਨਸਾ ਵਿਖੇ ਰੁਕੇ ਹੋਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਸ਼ੱਕ ਦੇ ਅਧਾਰ 'ਤੇ ਇਕਾਂਤਵਾਸ ਵਿੱਚ ਰੱਖਿਆ ਹੋਇਆ ਸੀ ਅਤੇ 3 ਵਿਅਕਤੀਆਂ ਦੀ ਰਿਪੋਰਟ ਪਾਜ਼ਿਟੀਵ ਆਉਣ ਉਪਰੰਤ ਇਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ਼ ਲਈ ਦਾਖਲ ਕਰਵਾ ਦਿੱਤਾ ਗਿਆ ਸੀ ਅਤੇ ਇਹ ਦੋਵੇਂ ਔਰਤਾਂ ਵੀ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੂਲੇਸ਼ਨ ਵਾਰਡ ਵਿੱਚ ਦਾਖਲ ਸਨ, ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਆਪਣੀ ਦੇਖ-ਰੇਖ ਹੇਠ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਬੁਢਲਾਡਾ ਦੇ ਵਾਰਡ ਨੰਬਰ 4 ਨੂੰ ਸੀਲ ਕਰ ਦਿੱਤਾ ਗਿਆ ਹੈ, ਜਿੱਥੇ ਪੁਲਿਸ ਜਾਂ ਪ੍ਰਸਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ 25 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚ ਮਸਜਿਦ ਦਾ ਮੌਲਵੀ ਵੀ ਸ਼ਾਮਿਲ ਹੈ ਅਤੇ ਇਨ੍ਹਾਂ ਵਿੱਚੋਂ 21 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 4 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਇਨ੍ਹਾਂ ਉਕਤ ਸਮੂਹ ਵਿਅਕਤੀਆ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪਹਿਲਾਂ ਹੀ ਇਕਾਂਤਵਾਸ ਵਿਖੇ ਰੱਖਿਆ ਹੋਇਆ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਆਪਣੇ ਘਰਾਂ ਵਿੱਚੋਂ ਬਿਲਕੁੱਲ ਬਾਹਰ ਨਾ ਨਿਕਲਣ ਕਿਉਂਕਿ ਇਸ ਵਾਇਰਸ ਦੀ ਚੇਨ ਨੂੰ ਤੋੜ ਕੇ ਹੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਸਿਵਲ ਸਰਜਨ ਡਾ. ਲਾਲ ਚੰਦ ਨੇ ਕਿਹਾ ਕਿ ਬੁਢਲਾਡਾ ਵਿਖੇ 2 ਔਰਤਾਂ ਦੇ ਕੋਰੋਨਾ ਪਾਜ਼ਿਟੀਵ ਆਉਣ 'ਤੇ ਇਨ੍ਹਾਂ ਦਾ ਇਲਾਜ਼ ਸਿਵਲ ਹਸਪਤਾਲ ਵਿਖੇ ਆਈਸੂਲੇਸ਼ਨ ਵਾਰਡ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਵਿਅਕਤੀ ਪਹਿਲਾਂ ਤੋਂ ਹੀ ਇਕਾਂਤਵਾਸ ਵਿੱਚ ਸਨ ਅਤੇ ਡਾਕਟਰਾਂ ਦੀ ਟੀਮ ਵੱਲੋਂ ਲਗਾਤਾਰ ਇਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।