ਹਰੀਸ਼ ਕਾਲੜਾ
ਰੋਪੜ, 28 ਅਪ੍ਰੈਲ 2020: ਅੱਜ ਇੱਥੇ ਜਾਰੀ ਬਿਆਨ ਵਿੱਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਦੱਸਿਆ ਕਿ ਸਵਰਾਜ ਮਾਜਦਾ ਆਸਰੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 41 ਡਰਾਈਵਰ ਜੋ ਮਾਰਚ ਦੇ ਪਹਿਲੇ ਹਫਤੇ ਫੈਕਟਰੀ ਵਲੋਂ ਤਿਆਰ ਕੀਤੀਆਂ ਗੱਡੀਆਂ ਲੈ ਕੇ ਬੰਗਲਾ ਦੇਸ਼, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਆਸਾਮ ਗਏ ਸਨ, ਉਹ 23 ਮਾਰਚ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਅਚਨਚੇਤ ਲਗਾਏ ਲਾਕਡਾਊਨ ਕਾਰਨ ਪੰਜਾਬ ਤੋਂ ਬਾਹਰ ਉਪਰੋਕਤ ਰਾਜਾਂ ਵਿੱਚ ਫਸ ਗਏ ਹਨ। ਬੰਗਲਾ ਦੇਸ਼ ਤੋਂ ਵਾਪਸ ਪੰਜਾਬ ਆ ਰਹੇ 41 ਡਰਾਈਵਰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਫਸੇ ਹੋਏ ਹਨ। ਇਹਨਾਂ ਸਾਰੇ ਡਰਾਈਵਰਾਂ ਨੂੰ ਬਹੁਤ ਕਠਿਨ ਅਤੇ ਤਰਸਯੋਗ ਹਾਲਤ ਵਿੱਚ ਰਹਿਣਾ ਪੈ ਰਿਹਾ ਹੈ। ਰਘੁਨਾਥ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਪਰੋਕਤ ਡਰਾਈਵਰਾਂ ਨੂੰ ਪੰਜਾਬ ਵਾਪਸ ਲੈ ਕੇ ਆਉਣ ਲਈ ਤੁਰੰਤ ਪ੍ਰਬੰਧ ਕੀਤਾ ਜਾਵੇ। ਰਘੁਨਾਥ ਸਿੰਘ ਨੇ ਫੈਕਟਰੀ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਇਹਨਾਂ ਸਾਰੇ ਡਰਾਈਵਰਾਂ ਨੂੰ ਲਾਕਡਾਊਨ ਕਾਰਨ ਦੂਜੇ ਰਾਜਾਂ ਵਿੱਚ ਰਹਿਣ ਸਮੇਂ ਹੋਣ ਵਾਲੇ ਸਾਰੇ ਖਰਚੇ ਅਦਾ ਕੀਤੇ ਜਾਣ ਅਤੇ ਲਾਕਡਾਊਨ ਸਮੇਂ ਦੀਆਂ ਪੂਰੀਆਂ ਉੱਜਰਤਾਂ ਦਿੱਤੀਆਂਾਂ ਜਾਣ। ਇਹਨਾਂ ਦੇ ਹੋਣ ਵਾਲੇ ਕਰੋਨਾ ਵਾਇਰਸ ਦੇ ਸਾਰੇ ਟੈਸਟਾਂ ਦੇ ਖਰਚੇ ਵੀ ਅਦਾ ਕੀਤੇ ਜਾਣ।