* ਡਿਪਟੀ ਕਮਿਸ਼ਨਰ ਵੱਲੋਂ ਅਚਨਚੇਤੀ ਕਰਫ਼ਿਊ 'ਚ ਫਸੇ ਸੰਗਰੂਰ ਵਾਸੀਆਂ ਨੂੰ ਵੱਡੀ ਰਾਹਤ
* ਸਬੰਧਤ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਨਾਲ ਰਾਬਤਾ ਕਰਕੇ ਮੁਹੱਈਆ ਕਰਵਾਈਆਂ ਜਾਣਗੀਆਂ ਸਾਰੀਆਂ ਜ਼ਰੂਰੀ ਸੇਵਾਵਾਂ
* ਹੈਲਪਲਾਈਨ ਨੰਬਰ 77078-91837 'ਤੇ ਸੂਚਨਾ ਮਿਲਣ 'ਤੇ ਫੌਰੀ ਹੋਵੇਗੀ ਕਾਰਵਾਈ
ਹਰਿੰਦਰ ਨਿੱਕਾ
ਸੰਗਰੂਰ, 30 ਮਾਰਚ: 2020 - ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਸਾਰੇ ਨਿਵਾਸੀਆਂ ਨੂੰ ਬਚਾਉਣ ਲਈ ਦੇਸ਼ ਭਰ ਵਿੱਚ ਅਚਨਚੇਤੀ ਲਾਗੂ ਕੀੇਤੇ ਕਰਫਿਊ ਦੇ ਕਾਰਨ ਜਿਹੜੇ ਵੀ ਸ਼ਹਿਰਾਂ ਅਤੇ ਰਾਜਾਂ ਵਿੱਚ ਸੰਗਰੂਰ ਦੇ ਨਿਵਾਸੀ ਫਸੇ ਹੋਏ ਹਨ ਉਨ੍ਹਾਂ ਨੂੰ ਕਿਸੇ ਵੀ ਹਾਲਾਤ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਫਸੇ ਸੰਗਰੂਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਕਿਸੇ ਵੀ ਵਸਤੂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਉਦੇਸ਼ ਦੀ ਪੂਰਤੀ ਹਿੱਤ ਦੇਸ਼ ਦੇ ਸਬੰਧਤ ਹਿੱਸੇ ਦੇ ਉਚ ਅਧਿਕਾਰੀਆਂ ਨਾਲ ਪ੍ਰਸ਼ਾਸਨਿਕ ਤੌਰ 'ਤੇ ਤਾਲਮੇਲ ਕਰਕੇ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਨਾਂਦੇੜ ਸਾਹਿਬ ਤੋਂ ਸੂਚਨਾ ਆਈ ਸੀ ਕਿ ਜ਼ਿਲ੍ਹੇ ਦੇ 161 ਵਿਅਕਤੀ ਉਥੇ ਫਸੇ ਹੋਏ ਹਨ ਜਿਸ ਤੋਂ ਤੁਰੰਤ ਬਾਦ ਉਥੇ ਦੇ ਉਚ ਅਧਿਕਾਰੀਆਂ ਨਾਲ ਰਾਬਤਾ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕਰਵਾਈਆਂ ਗਈਆਂ। ਇਸ ਕਾਰਜ ਲਈ ਜ਼ਿਲ੍ਹੇ ਵਿੱਚ ਨੋਡਲ ਅਧਿਕਾਰੀ ਲਗਾਇਆ ਗਿਆ ਹੈ ਜਿਸ ਦਾ ਹੈਲਪਲਾਈਨ ਨੰਬਰ 77078-91837 ਹੈ ਜੋ ਕਿ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਏਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਜਿਥੇ ਕਿਤੇ ਵੀ ਕਿਸੇ ਜ਼ਿਲ੍ਹੇ ਦੇ ਨਿਵਾਸੀ ਅਚਨਚੇਤੀ ਕਰਫਿਊ ਕਰਕੇ ਫਸ ਗਏ ਸਨ ਉਨ੍ਹਾਂ ਨੂੰ ਸੀਮਤ ਸਮੇਂ ਲਈ ਸੰਗਰੂਰ ਤੋਂ ਬਾਹਰ ਜਾਣ ਲਈ ਰਾਹਦਾਰੀ ਪਾਸ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਵੱਡੇ ਪੱਧਰ 'ਤੇ ਜਾਰੀ ਹੈ ਅਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਮੂਲ ਰੂਪ ਵਿੱਚ ਸੰਗਰੂਰ ਜ਼ਿਲ੍ਹੇ ਦੇ ਉਨ੍ਹਾਂ ਨਿਵਾਸੀਆਂ ਜਿਹੜੇ ਕਿਸੇ ਕਾਰੋਬਾਰ, ਪਰਿਵਾਰਕ ਜਾਂ ਸਮਾਜਿਕ ਕਾਰਨਾਂ ਕਰਕੇ ਦੇਸ਼ ਦੇ ਕਿਸੇ ਵੀ ਰਾਜ ਜਾਂ ਜ਼ਿਲ੍ਹੇ ਵਿੱਚ ਫਸ ਗਏ ਹਨ ਉਨ੍ਹਾਂ ਨੂੰ ਉਸੇ ਜ਼ਿਲ੍ਹੇ ਵਿੱਚ ਸਬੰਧਤ ਡਿਪਟੀ ਕਮਿਸ਼ਨਰ ਰਾਹੀਂ ਸਮੂਹ ਲਾਜ਼ਮੀ ਸੇਵਾਵਾਂ ਯਕੀਨੀ ਤੌਰ 'ਤੇ ਮੁਹੱਈਆ ਕਰਵਾਉਣ ਲਈ ਯੋਜਨਾਬੱਧ ਢੰਗ ਨਾਲ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਵਾਸੀ ਇਸ ਸੰਕਟ ਦੀ ਘੜੀ ਵਿੱਚ ਬਿਲਕੁਲ ਵੀ ਨਾ ਘਬਰਾਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਉਸੇ ਸਥਾਨ 'ਤੇ ਹੀ ਜੀਵਨ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਠੋਸ ਕਦਮ ਪੁੱਟੇ ਜਾਣਗੇ ਜਿਥੇ ਉਹ ਰਹਿ ਰਹੇ ਹਨ।
ਸ਼੍ਰੀ ਥੋਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਕਰਫਿਊ ਲਾਗੂ ਕਰਨਾ ਸਮੇਂ ਦੀ ਅਹਿਮ ਲੋੜ ਸੀ ਅਤੇ ਇਸ ਦੌਰਾਨ ਦੂਰ ਦੁਰਾਡੇ ਗਏ ਸੰਗਰੂਰ ਵਾਸੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕਿਸੇ ਦਾ ਕੋਈ ਵੀ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ, ਜੋ ਕਿ ਸੰਗਰੂਰ ਦਾ ਹੀ ਵਸਨੀਕ ਹੋਵੇ ਪਰ ਕਰਫਿਊ ਦੇ ਕਾਰਨਾਂ ਕਰਕੇ ਵਾਪਸ ਪਰਤਣ ਵਿੱਚ ਅਸਮਰੱਥ ਹੋਵੇ ਤਾਂ ਉਸ ਸਬੰਧੀ ਨੋਡਲ ਅਧਿਕਾਰੀ ਦੇ ਹੈਲਪਲਾਈਨ ਨੰਬਰ 77078-91837 'ਤੇ ਦਿੱਤੀ ਜਾਵੇ ਤਾਂ ਜੋ ਸਬੰਧਤ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਫੌਰੀ ਰਾਸ਼ਨ ਸਮੱਗਰੀ, ਦਵਾਈਆਂ ਆਦਿ ਹੋਰ ਘਰੇਲੂ ਲੋੜਾਂ ਦੀ ਪੂਰਤੀ ਕਰਵਾਉਣ ਸਬੰਧੀ ਢੁਕਵੇਂ ਕਦਮ ਪੁੱਟੇ ਜਾ ਸਕਣ।
--